Definition
ਜ਼ਿਲਾ ਕਰਨਾਲ, ਤਸੀਲ ਕੈਥਲ, ਥਾਣਾ ਪਹੋਏ ਦਾ ਪਿੰਡ. ਇਸ ਗ੍ਰਾਮ ਤੋਂ ਅੱਧ ਮੀਲ ਅਗਨਿ ਕੋਣ ਵਿੱਚ ਗੁਰੁਦ੍ਵਾਰਾ ਹੈ. ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਨੇ ਚਰਣ ਪਾਏ ਹਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਭੀ ਇਸੇ ਥਾਂ ਵਿਰਾਜੇ ਹਨ. ਗੁਰੂ ਸਾਹਿਬ ਨੇ ਕ੍ਰਿਪਾ ਕਰਕੇ ਇੱਕ ਅੰਨ੍ਹੇ ਪਿੰਗੁਲੇ ਨੂੰ ਅਰੋਗ ਕੀਤਾ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਚਰਣਾਂ ਨਾਲ ਭੀ ਇਸ ਅਸਥਨ ਨੂੰ ਮਾਨ ਪ੍ਰਾਪਤ ਹੋਇਆ ਹੈ.#ਨੌਵੇਂ ਸਤਿਗੁਰੂ ਨੇ ਇਸ ਪਿੰਡ ਖੂਹ ਅਤੇ ਬਾਗ ਲਾਉਣ ਲਈ ਮਾਯਾ ਦਿੱਤੀ. ਦਸ਼ਮੇਸ਼ ਭੀ ਇਸ ਥਾਂ ਆਏ ਹਨ, ਪਰ ਡੇਰਾ ਨਹੀਂ ਕੀਤਾ. ਘੋੜੇ ਤੇ ਸਵਾਰ ਹੋਏ ਹੀ ਸੰਗਤਿ ਨੂੰ ਉਪਦੇਸ਼ ਦੇ ਕੇ ਅੱਗੇ ਚਲੇ ਗਏ ਹਨ. ਇੱਕੋ ਹਾਤੇ ਅੰਦਰ ਗੁਰੁਅਸਥਾਨ ਹਨ, ਜਿਨਾਂ ਦੀ ਟਹਿਲ ਭਾਈ ਉਦਯ ਸਿੰਘ ਕੈਥਲਪਤਿ ਨੇ ਕਰਵਾਈ ਸੀ. ਰੇਲਵੇ ਸਟੇਸ਼ਨ ਕੁਰੁਛੇਤ੍ਰ ਤੋਂ ੧੬. ਮੀਲ ਪੱਛਮ ਗੁਰਦ੍ਵਾਰਾ ਹੈ. ਰਿਆਸਤ ਪਟਿਆਲੇ ਵੱਲੋਂ ੪੨੫ ਰੁਪਯੇ, ਜੀਂਦ ਤੋਂ ੫੫ ਰੁਪਯੇ ਅਤੇ ਨਾਭੇ ਤੋਂ ੧੫. ਰੁਪਯੇ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਜੀ ਦੀ ਦਿੱਤੀ ਤਿੰਨ ਸੌ ਵਿੱਘੇ ਜ਼ਮੀਨ ਹੈ.
Source: Mahankosh