ਕਲ੍ਹਾਰਾਯ
kalhaaraaya/kalhārāya

Definition

ਰਾਇਕੋਟ (ਜ਼ਿਲਾ ਲੁਦਿਆਨਾ) ਦਾ ਸਰਦਾਰ, ਜੋ ਜਗਰਾਵਾਂ ਦੇ ਪਾਸ ਦੇ ਤਿਹਾੜੇ ਇਲਾਕੇ ਦਾ ਰਾਜਾ ਸੀ. ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੇਵਕ ਸੀ. ਮਾਛੀਵਾੜੇ ਤੋਂ ਉੱਚਪੀਰ ਦੀ ਸ਼ਕਲ ਵਿੱਚ ਦਸ਼ਮੇਸ਼ ਰਾਇਕੋਟ ਪਹੁੰਚੇ. ਕਲ੍ਹੇ ਨੇ ਤਨ ਮਨ ਤੋਂ ਸੇਵਾ ਕੀਤੀ. ਆਪਣਾ ਚਰਵਾਹਾ ਨੂਰੂ ਸਰਹਿੰਦ ਭੇਜਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਇਸੇ ਨੇ ਮੰਗਵਾਈ ਸੀ. ਕਲਗੀਧਰ ਨੇ ਕਲ੍ਹਾਰਾਯ ਨੂੰ ਇੱਕ ਖੜਗ ਬਖਸ਼ਿਆ ਅਤੇ ਹੁਕਮ ਦਿੱਤਾ ਕਿ ਇਸ ਨੂੰ ਸਨਮਾਨ ਨਾਲ ਰੱਖਣਾ. ਕਲ੍ਹੇ ਨੇ ਹੁਕਮ ਦੀ ਪੂਰੀ ਪਾਲਨਾ ਕੀਤੀ, ਪਰ ਉਸ ਦੇ ਪੋਤੇ ਨੇ ਦਸ਼ਮੇਸ਼ ਦਾ ਖੜਗ ਪਹਿਰ ਲਿਆ ਅਤੇ ਉਸੇ ਦਿਨ ਸ਼ਿਕਾਰ ਵਿੱਚ ਘੋੜੇ ਤੋਂ ਡਿਗਕੇ ਦਸ਼ਮੇਸ਼ ਦੇ ਖੜਗ ਨਾਲ ਜ਼ਖਮੀ ਹੋ ਕੇ ਮੋਇਆ. ਕਲ੍ਹੇ ਦੀ ਬਿਰਾਦਰੀ ਦੇ ਲੋਕ ਹੁਣ ਰਾਯਕੋਟ ਵਿੱਚ ਹਨ. ਕਲਗੀਧਰ ਦੀ ਦੋ ਵਸਤੂਆਂ ਉਨ੍ਹਾਂ ਪਾਸ ਹਨ, ਇੱਕ ਗੰਗਾ ਸਾਗਰ ਅਤੇ ਇੱਕ ਪੋਥੀ ਖੋਲਣ ਦੀ ਰੇਹਲ. ਦੇਖੋ, ਟਾਹਲੀਆਣਾ ਅਤੇ ਰਾਯਕੋਟ.
Source: Mahankosh