Definition
[قُطب اُلدیِن ایَبک] ਇਸ ਪ੍ਰਤਾਪੀ ਪੁਰਖ ਦੀ ਕਥਾ ਇਉਂ ਹੈ ਕਿ ਕਿਸੇ ਧਨੀ ਨੇ ਬਚਪਨ ਵਿੱਚ ਮੁੱਲ ਲੈ ਕੇ ਇਸ ਨੂੰ ਅ਼ਰਬੀ ਫ਼ਾਰਸੀ ਪੜਾਈ. ਧਨੀ ਦੇ ਮਰਣ ਪਿੱਛੋਂ, ਇਹ ਇੱਕ ਸੌਦਾਗਰ ਪਾਸ ਵੇਚਿਆ ਗਿਆ. ਸੌਦਾਗਰ ਨੇ ਸ਼ਹਾਬੁੱਦੀਨ ਮੁਹ਼ੰਮਦ ਗ਼ੌਰੀ ਦੀ ਨਜਰ ਕੀਤਾ. ਸ਼ਹਾਬੁੱਦੀਨ ਦੀ ਇਸ ਪੁਰ ਇਤਨੀ ਕ੍ਰਿਪਾ ਹੋਈ ਕਿ ਉਸ ਨੇ ਹਿੰਦੁਸਤਾਨ ਜਿੱਤਕੇ ਸਨ ੧੧੯੨ (ਸੰਮਤ ੧੨੫੦) ਵਿੱਚ ਆਪਣਾ ਪ੍ਰਤਿਨਿਧਿ ਥਾਪਿਆ. ਸਨ ੧੨੦੬ ਵਿੱਚ ਇਹ ਦਿੱਲੀ ਦੇ ਤਖਤ ਦਾ ਮਾਲਿਕ ਬਣਕੇ ਸ਼ਹਨਸ਼ਾਹ ਹੋਇਆ ਅਤੇ ਖ਼ਾਨਦਾਨ ਗੁਲਾਮਾਂ ਦੀ ਨੀਂਹ ਰੱਖੀ. ਸਨ ੧੨੧੦ ਵਿੱਚ ਇਹ ਪੋਲੋ ਖੇਡਦਾ ਘੋੜੇ ਤੋਂ ਡਿੱਗਕੇ ਲਹੌਰ ਮੋਇਆ.#ਦਿੱਲੀ ਪਾਸ ਕੁਤਬਮੀਨਾਰ, ਜੋ ੨੪੦ ਫੁੱਟ ਉੱਚਾ ਹੈ, ਅਤੇ ਇੱਕ ਅਧੂਰੀ ਮਸਜਿਦ ਜਿਸ ਦਾ ਨਾਉਂ ਕ਼ੱਵਤੁਲਇਸਲਾਮ ਹੈ,¹ ਇਹ ਕੁਤਬੁੱਦੀਨ ਨੇ ਹੀ ਬਣਾਉਣੇ ਆਰੰਭੇ ਸਨ. ਸਨ ੧੧੯੬ ਵਿੱਚ ਮਸਜਿਦ ਬਣਾਉਣ ਲਈ ੨੭ ਹਿੰਦੂਮੰਦਿਰਾਂ ਦਾ ਮਸਾਲਾ ਵਰਤਿਆ ਗਿਆ ਸੀ. ਕੁਤਬੁੱਦੀਨ ਦੇ ਗ਼ੁਲਾਮ ਅਤੇ ਜਮਾਈ (ਜਵਾਈ) ਸ਼ਮੁਸੁੱਦੀਨ ਅਲਤਿਮਸ਼ ਬਾਦਸ਼ਾਹ ਨੇ ਕੁਤਬਮੀਨਾਰ ਸਿਰੇ ਚਾੜ੍ਹਿਆ, ਪਰ ਮਸੀਤ ਅਜੇ ਭੀ ਅਧੂਰੀ ਪਈ ਹੈ.
Source: Mahankosh