Definition
ਅ਼. [قُران] ਸੰਗ੍ਯਾ- ਕਿਤਾਬ. ਪੜ੍ਹਨਯੋਗ੍ਯ ਪੁਸ੍ਤਕ। ੨. ਅ਼ਰਬੀ ਬੋਲੀ ਵਿੱਚ ਮੁਸਲਮਾਨਾਂ ਦਾ ਧਰਮਗ੍ਰੰਥ, ਜੋ ਕ਼ੁਰਾਨ ਦੇ ਲੇਖ ਅਨੁਸਾਰ ਖ਼ੁਦਾ ਵੱਲੋਂ ਹਜਰਤ ਮੁਹ਼ੰਮਦ ਨੂੰ ਪ੍ਰਾਪਤ ਹੋਇਆ. ਕੁਰਾਨ ਨਾਲ ਆਦਰ ਬੋਧਕ ਮਜੀਦ, ਸ਼ਰੀਫ਼ ਆਦਿ ਸ਼ਬਦ ਲਾਏ ਜਾਂਦੇ ਹਨ. ਜਲਾਲੁੱਦੀਨ ਸਯੂਤ਼ੀ ਕ਼ੁਰਾਨ ਦੇ ੫੫ ਨਾਉਂ ਲਿਖਦਾ ਹੈ.#ਕ਼ੁਰਾਨ ਦੇ ਸਾਰੇ ਅੱਖਰ ੩੨੩੭੪੧, ਪਦ ੭੯੪੩੬, ਆਯਤਾਂ ੬੬੬੬ ਅਤੇ ਸੂਰਤਾਂ ੧੧੪ ਹਨ. ਇਨ੍ਹਾਂ ਸੂਰਤਾਂ ਦੀਆਂ ਹੀ ਇੱਕ ਮਹੀਨੇ ਵਿੱਚ ਪਾਠ ਕਰਨ ਲਈ ਸੱਤ ਮੰਜ਼ਲਾਂ ਥਾਪ ਲਈਆਂ ਹਨ. ਕ਼ਰਾਨ ਦੀਆਂ ਸੂਰਤਾਂ ਦੇ ਮੁੱਢ ਕਿਤੇ ਕਿਤੇ ਅਲਿਫ਼, ਲਾਮ, ਮੀਮ ਆਦਿ ਅੱਖਰ ਆਉਂਦੇ ਹਨ, ਜਿਨ੍ਹਾਂ ਦੇ ਕਈ ਵਿਦ੍ਵਾਨ ਆਪਣੀ ਸਮਝ ਅਨੁਸਾਰ ਅਰਥ ਕਰਦੇ ਹਨ, ਪਰ ਕਈ ਆਖਦੇ ਹਨ ਕਿ ਖ਼ੁਦਾ ਹੀ ਇਨ੍ਹਾਂ ਅੱਖਰਾਂ ਦਾ ਮਤਲਬ ਜਾਣਦਾ ਹੈ. ਕ਼ਰਾਨ ਵਿੱਚ ਇਹ ਭੀ ਲਿਖਿਆ ਹੈ ਕਿ ਕਈ ਆਯਤਾਂ ਦਾ ਅਰਥ ਖ਼ੁਦਾ ਬਿਨਾ ਹੋਰ ਕੋਈ ਭੀ ਨਹੀਂ ਜਾਣਦਾ. ਦੇਖੋ, ਸੂਰਤ ਆਲੇ ਇਮਰਾਂ, ਆਯਤ ੬.#ਕ਼ੁਰਾਨ ੨੩ ਵਰ੍ਹੇ ਵਿੱਚ ਮੁਹ਼ੰਮਦ ਸਾਹਿਬ ਨੂੰ ਉਤਰਦਾ ਰਿਹਾ ਹੈ, ਕਦੇ ਫ਼ਰਿਸ਼ਤਾ ਜਿਬਰਾਈਲ ਦੀ ਮਾਰਫ਼ਤ, ਕਦੇ ਸੁਪਨੇ ਵਿੱਚ, ਕਦੇ ਹਜਰਤ ਮੁਹ਼ੰਮਦ ਨੂੰ ਆਸਮਾਨ ਤੋਂ ਆਵਾਜ਼ ਆਉਂਦੀ ਹੁੰਦੀ ਸੀ. ਕ਼ਰਾਨ ਵਿੱਚ ਏਹ ਭੀ ਲੇਖ ਹੈ ਕਿ ਇਸ ਦੀਆਂ ਸਾਰੀਆਂ ਆਯਤਾਂ ਖ਼ੁਦਾ ਦੇ ਰੋਜ਼ਨਾਮਚੇ "ਲੌਹ਼ ਮਹ਼ਿਫ਼ੂਜ" ਵਿੱਚ ਲਿਖੀਆਂ ਹੋਈਆਂ ਹਨ. ਦੇਖੋ, ਸੂਰਤ "ਜ਼ੁਖ਼ਰੁਫ਼" ਆਯਤ ੪. "ਵਖਤ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ." (ਜਪੁ) "ਪੜਹਿ ਕਤੇਬ ਕੁਰਾਣਾ." (ਸ੍ਰੀ ਮਃ ੧) "ਬੇਦ ਪੁਰਾਨ ਕੁਰਾਨ ਦੁਹੂ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ." (੩੩ ਸਵੈਯੇ)
Source: Mahankosh