ਕਾਬੁਲ
kaabula/kābula

Definition

ਸੰ. ਕੁਭਾ. ਇੱਕ ਨਦੀ, ਜਿਸਦਾ ਜ਼ਿਕਰ ਰਿਗਵੇਦ ਵਿੱਚ ਆਇਆ ਹੈ. ਇਹ ਨਦੀ ਅਫ਼ਗਾਨਿਸਤਾਨ ਵਿੱਚ ਵਹਿੰਦੀ ਹੋਈ ਅਟਕ ਪਾਸ ਆਕੇ ਸਿੰਧੁਨਦ ਵਿੱਚ ਡਿਗਦੀ ਹੈ. ਫ਼ਾਰਸੀ ਵਿੱਚ ਇਸੇ ਦਾ ਨਾਉਂ ਕਾਬੁਲ ਹੈ. ਲੋਗਰ ਅਤੇ ਕਾਬੁਲ ਨਦੀ ਦੇ ਵਿਚਕਾਰ ਵਸੇ ਨਗਰ ਦਾ ਨਾਉਂ ਭੀ ਕਾਬੁਲ ਹੋ ਗਿਆ ਹੈ. ਕਾਬੁਲ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ, ਅਤੇ ਪੇਸ਼ਾਵਰ ਤੋਂ ੧੮੧ ਮੀਲ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੫੭੮੦ ਫੁਟ ਹੈ. ਕਾਬੁਲ ਦੇ ਸ਼ਾਹ ਦੀ ਪਦਵੀ "ਅਮੀਰ" ਹੈ.¹#ਸ਼੍ਰੀ ਗੁਰੂ ਨਾਨਕ ਦੇਵ ਧਰਮਪ੍ਰਚਾਰ ਕਰਦੇ ਹੋਏ ਸੰਮਤ ੧੫੭੬ ਵਿੱਚ ਇਸ ਸ਼ਹਿਰ ਵਿਰਾਜੇ ਅਤੇ ਅਨੇਕ ਜੀਵਾਂ ਨੂੰ ਸੁਮਾਰਗ ਪਾਇਆ. "ਜਹਿਂ ਕਾਬੁਲ ਕੋ ਨਗਰ ਸੁਹਾਵਾ। ਤਿਸ ਮਹਿਂ ਪ੍ਰਵਿਸੇ ਦੁਖਬਨ ਦਾਵਾ." (ਨਾਪ੍ਰ)#ਸ਼੍ਰੀ ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਵੇਲੇ ਕਾਬੁਲ ਵਿੱਚ ਸਿੱਖਧਰਮ ਦਾ ਬਹੁਤ ਪ੍ਰਚਾਰ ਹੋਇਆ. ਹੁਣ ਇਸ ਸ਼ਹਿਰ ਵਿੱਚ ਕਈ ਸਿੱਖ ਧਰਮਸ਼ਾਲਾ ਦੇਖੀਦੀਆਂ ਹਨ.
Source: Mahankosh