Definition
ਫ਼ਾ. [گچ] ਸੰਗ੍ਯਾ- ਚੂਨਾ. ਇੱਟ ਪੱਥਰ ਆਦਿ ਦੀ ਚਿਣਾਈ ਦਾ ਮਸਾਲਾ। ੨. ਪੱਕੀ ਚਿਣਾਈ ਦੀਆਂ ਕੰਧਾਂ ਅਤੇ ਡਾਟਦਾਰ ਛੱਤਾਂ ਨੂੰ ਅੰਦਰੋਂ ਸੁੰਦਰ ਅਤੇ ਬਾਹਰੋਂ ਮਜ਼ਬੂਤ ਬਣਾਉਣ ਲਈ ਇੱਕ ਲੇਪ (ਪਲਸਤਰ- plaster) ਤਿਆਰ ਕੀਤਾ ਜਾਂਦਾ ਹੈ, ਜੋ ਗਚ ਕਹਾਉਂਦਾ ਹੈ ਇਹ ਬਹੁਤ ਪੁਰਾਣੇ ਸਮਿਆਂ ਤੋਂ ਵਰਤੀਂਦਾ ਆਉਂਦਾ ਹੈ, ਅਰ ਇਸ ਵਿੱਚ ਜੋ ਵਸਤਾਂ ਜਿਸ ਮਿਕਦਾਰ ਵਿੱਚ ਮਿਲਾਈਆਂ ਜਾਂਦੀਆਂ ਹਨ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ ਇਹ ਕਈ ਪ੍ਰਕਾਰ ਦਾ ਹੁੰਦਾ ਹੈ. ਦੀਵਾਰਾਂ ਦੀ ਅੰਦਰੂਨੀ ਸ਼ੋਭਾ ਲਈ ਜੋ ਗਚ ਤਿਆਰ ਹੁੰਦਾ ਹੈ ਉਸ ਵਿੱਚ ਬਹੁਤ ਬਰੀਕ ਰੇਤਾ, ਸੰਗਮਰਮਰ ਦਾ ਚੂਰਨ ਅਤੇ ਖ਼ਾਸ ਤਰਾਂ ਦਾ ਚੂਨਾ (Gypsum) ਪੈਂਦਾ ਹੈ. ਬਾਹਰ ਵਰਤਣ ਲਈ ਗਚ ਇਤਨਾ ਸ਼ੁੱਧ ਅਰ ਸੂਖਮ ਨਹੀਂ ਹੁੰਦਾ, ਪਰ ਇਹ ਭੀ ਐਸਾ ਹੁੰਦਾ ਹੈ ਕਿ ਅਗਰ ਲੇਪ ਨੂੰ ਸੁਕਾਕੇ ਚੰਗੀ ਤਰਾਂ ਘੋਟਿਆ ਜਾਵੇ ਤਾਂ ਸੰਗਮਰਮਰ ਦੀ ਆਭਾ ਦੇਂਦਾ ਹੈ. ਅੱਜ ਕਲ੍ਹ ਇਸ ਦੀ ਤਿਆਰੀ ਵਿੱਚ ਸੀਮੈਂਟ ਵਗੈਰਾ ਦਾ ਭੀ ਇਸਤਾਮਾਲ ਹੁੰਦਾ ਹੈ, ਰੇਤ ਅਤੇ ਬਰੀਕ ਚੂਨੇ ਨਾਲ ਮਿਸ਼੍ਰਿਤ ਪਲਾਸਟਰ ਆਵ ਪੈਰਿਸ (Plaster of Paris) ਦੇ ਤੀਜੇ ਪੋਚ ਨੂੰ ਭੀ ਗਚ ਆਖਦੇ ਹਨ. ਗਚ ਦੀ ਇੱਕ ਹੋਰ ਕਿਸਮ ਭੀ ਹੈ ਜਿਸ ਵਿੱਚ ਕਿਸੀ ਕਦਰ ਵਾਲ ਭੀ ਰਲਾਏ ਜਾਂਦੇ ਹਨ. ਗਚ ਅਤਿ ਕਰੜਾ, ਪਧਰਾ ਤੇ ਕੂਲਾ ਹੁੰਦਾ ਹੈ. "ਘਰ ਗਚ ਕੀਤੇ ਬਾਗੇ ਬਾਗ." (ਵਾਰ ਸਾਰ ਮਃ ੧) "ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ." (ਬਸੰ ਮਃ ੧) ੩. ਦੇਖੋ, ਗੱਚ.; ਦੇਖੋ, ਗਚ.
Source: Mahankosh