Definition
ਸੰ. घृताची ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਇੱਕ ਅਪਸਰਾ, ਜੋ ਬਹੁਤ ਸੁੰਦਰ ਲਿਖੀ ਹੈ. ਇਸ ਨੂੰ ਦੇਖਕੇ ਵ੍ਯਾਸ ਜੀ ਦਾ ਵੀਰਯ ਪਾਤ ਹੋਇਆ ਸੀ, ਜਿਸ ਤੋਂ ਸ਼ੁਕਦੇਵ ਜਨਮਿਆ. ਚ੍ਯਵਨ ਰਿਖੀ ਦੇ ਪੁਤ੍ਰ ਪ੍ਰਮਿਤਿ ਨੇ ਇਸ ਦੇ ਗਰਭ ਤੋਂ ਰੁਰੁ ਨਾਮਾ ਪੁਤ੍ਰ ਪੈਦਾ ਕੀਤਾ ਸੀ. ਕਨੌਜ ਦੇ ਰਾਜਾ ਕੁਸ਼ਨਾਭ ਨੇ ਘ੍ਰਿਤਾਚੀ ਦੇ ਉਦਰ ਤੋਂ ਸੌ ਕੰਨ੍ਯਾ ਉਤਪੰਨ ਕੀਤੀਆਂ ਸਨ. ਦੇਖੋ, ਕਨੌਜ. ਭਰਦ੍ਵਾਜ ਜੀ ਭੀ ਇਸ ਅਪਸਰਾ ਪੁਰ ਮੋਹਿਤ ਹੋ ਗਏ ਸਨ, ਜਿਸ ਤੋਂ ਉਨ੍ਹਾਂ ਦਾ ਵੀਰਯ ਡਿਗ ਪਿਆ ਅਤੇ ਉਹ ਵੀਰਯ ਦ੍ਰੋਣਿ (ਡੋਨੀ) ਵਿੱਚ ਰੱਖਣ ਤੋਂ ਦ੍ਰੋਣਾਚਾਰਯ ਜਨਮਿਆ. "ਬ੍ਰਿਖਭਾਨੁਸੁਤਾ ਕੀ ਬਰਾਬਰ ਮੂਰਤਿ ਸ਼੍ਯਾਮ ਕਹੈ ਸੁ ਨਹੀ ਘ੍ਰਿਤਚੀ ਹੈ." (ਕ੍ਰਿਸਨਾਵ) "ਸਿੰਧੁਸੁਤਾ ਰੁ ਘ੍ਰਿਤਾਚੀ ਤ੍ਰਿਯਾ." (ਕ੍ਰਿਸਨਾਵ) ਸਮੁੰਦਰ ਦੀ ਬੇਟੀ ਲੱਛਮੀ ਅਤੇ ਘ੍ਰਿਤਾਚੀ। ੨. ਹਵਨ ਵਿੱਚ ਘੀ ਟਪਕਾਉਣ ਦੀ ਕੜਛੀ। ੩. ਨਿਘੁੰਟ ਵਿੱਚ ਰਾਤ (ਰਾਤ੍ਰੀ) ਦਾ ਨਾਉਂ ਘ੍ਰਿਤਾਚੀ ਹੈ। ੪. ਉਹ ਰਾਤ ਜਿਸ ਵਿੱਚ ਤ੍ਰੇਲ ਪਵੇ. ਭਿੰਨੀ ਰੈਣਿ.
Source: Mahankosh