Definition
ਸੰਗ੍ਯਾ- ਘਟਿਕਾ. ਘਟੀ. ੨੪ ਮਿਨਟਾਂ ਦਾ ਸਮਾਂ. ਦੇਖੋ, ਕਾਲਪ੍ਰਮਾਣ. "ਏਕ ਘੜੀ ਆਧੀ ਘਰੀ." (ਸ. ਕਬੀਰ) ਦੇਖੋ, ਚਉਸਠ ਘੜੀ। ੨. ਮੱਘੀ. ਕਲਸ਼ੀ. "ਲਾਜੁ ਘੜੀ ਸਿਉ ਤੂਟਿਪੜੀ." (ਗਉ ਕਬੀਰ) ਦੇਹ ਘੜੀ, ਰੱਸੀ ਉਮਰ। ੩. ਘੜੀ ਘੰਟਾ ਆਦਿਕ ਸਮਾਂ (ਵੇਲਾ) ਮਾਪਣ ਦਾ ਯੰਤ੍ਰ. ਭਾਰਤ ਵਿੱਚ ਸਭ ਤੋਂ ਪਹਿਲਾਂ ਧੁਪਘੜੀ (Sundial) ਅਤੇ ਜਲਘੜੀ (Clepsydra) ਪੁਰਾਣੇ ਵਿਦ੍ਵਾਨਾਂ ਨੇ ਬਣਾਈ, ਜਿਨ੍ਹਾਂ ਦਾ ਜਿਕਰ 'ਗੋਲਾਧ੍ਯਾਯ' ਆਦਿ ਜੋਤਿਸ ਦੇ ਪ੍ਰਾਚੀਨ ਸੰਸਕ੍ਰਿਤਗ੍ਰੰਥਾਂ ਵਿੱਚ ਪਾਇਆ ਜਾਂਦਾ ਹੈ. ਬਾਲੂਘੜੀ (Sandglass) ਅਤੇ ਪਿੱਤਲ ਲੋਹੇ ਆਦਿਕ ਧਾਤਾਂ ਦੇ ਚਕ੍ਰਾਂ ਤੇ ਕਮਾਣੀਆਂ ਵਾਲੀ ਕਲਦਾਰ ਘੜੀ (Clock, Timepiece, Pocket watch) ਵਿਦੇਸ਼ੀਆਂ ਦੀ ਕਾਢ ਹੈ. ਇਤਿਹਾਸ ਤੋਂ ਜਾਣਿਆ ਜਾਂਦਾ ਹੈ ਕਿ ਘਟਿਕਾਯੰਤ੍ਰ ਪਹਿਲਾਂ ਹੈਨਰੀ ਡਿ ਵਿਕ (Henry de Wyck) ਨਾਮੇ ਜਰਮਨ ਨੇ ਸਨ ੧੩੧੯ ਵਿੱਚ ਈਜਾਦ ਕਰਕੇ ਪੈਰਿਸ ਵਿੱਚ, ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਦੀ ਭੇਟਾ ਕੀਤਾ, ਇਸ ਆਦਿ ਘੜੀ ਦੀਆਂ ਸੁਧਾਰਪੂਰਿਤ ਤਬਦੀਲੀਆਂ ਤਦ ਤੋਂ ਹੁਣ ਤੱਕ ਲਗਾਤਾਰ ਹੁੰਦੀਆਂ ਆਈਆਂ ਹਨ, ਪਰ ਸ਼ਲਾਘਾ ਯੋਗ ਵਿਸ਼ੇਸ ਤਬਦੀਲੀਆਂ ਸਨ ੧੬੫੭ ਵਿੱਚ ਹਿਯੂਜਨਜ਼ (Huygens) ਨੇ, ੧੬੬੬ ਵਿੱਚ ਹੁਕ (Hooke) ਨੇ, ੧੭੧੫ ਵਿੱਚ ਗ੍ਰੈਹਮ (Graham) ਨੇ, ਅਰ ੧੭੨੬ ਵਿੱਚ ਹੈਰੀਸਨ (Harrison) ਨੇ ਕੀਤੀਆਂ. ਹੁਣ ਆਮ ਤੌਰ ਪੁਰ ਤਿੰਨ ਪ੍ਰਕਾਰ ਦੀਆਂ ਘੜੀਆਂ ਹੁੰਦੀਆਂ ਹਨ, ਅਰਥਾਤ ਜੇਬ- ਘੜੀਆਂ, ਕੰਧ ਘੜੀਆਂ, ਅਰ ਮੁਨਾਰ ਘੜੀਆਂ. ਸਭ ਪ੍ਰਕਾਰ ਦੀਆਂ ਘੜੀਆਂ ਨੂੰ ਰੋਜ਼ਾਨਾ ਯਾ ਕੁਝ ੨. ਦਿਨਾਂ ਮਗਰੋਂ ਇੱਕ ਕਲਾ ਦ੍ਵਾਰਾ ਕੋਕਣਾ ਪੈਂਦਾ ਹੈ, ਜਿਸ ਨੂੰ ਕੁੰਜੀ ਯਾ ਚਾਬੀ ਦੇਣਾ ਆਖਦੇ ਹਨ. ਐਸਾ ਕਰਨ ਨਾਲ ਵਲ੍ਹੇਟੀ ਹੋਈ ਕਮਾਣੀ, ਜੋ ਚਕ੍ਰਾਂ ਨੂੰ ਹਰਕਤ ਦੇਂਦੀ ਰਹੀ ਹੈ ਅਰ ਹੌਲੀ ਹੌਲੀ ਢਿੱਲੀ ਹੋ ਕੇ ਬਿਲਕੁਲ ਖੁਲ੍ਹ ਚੁਕੀ ਅਰ ਸੱਤਾਹੀਨ ਹੋ ਗਈ ਸੀ, ਮੁੜਕੇ ਵਲ੍ਹੇਟੀ ਜਾਂਦੀ ਹੈ. ਹੁਣ ਅਨੇਕ ਘੜੀਆਂ ਬਿਜਲੀ ਦੀ ਤਾਕਤ ਨਾਲ ਭੀ ਚਲਦੀਆਂ ਹਨ.#ਸਭ ਤੋਂ ਵਡੀਆਂ ਘੜੀਆਂ ਲੰਡਨ ਦੇ ਪਾਰਲੀਮੈਂਟ ਘਰ ਦੇ ਮੁਨਾਰੇ ਪੁਰ, ਅਤੇ ਲੰਡਨ ਦੇ ਬਿਲੌਰ ਮਹਲ (Crystal Palace) ਦੀ ਕੰਧ ਪੁਰ ਹਨ. ਕਈ ਕਾਲਗੇਟ ਫੈਕਟਰੀ, ਨ੍ਯੂਯਾਰਕ (ਅਮ੍ਰੀਕਾ) ਦੀ ਘੜੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਘੜੀ ਆਖਦੇ ਹਨ.#ਪਾਰਲੀਮੈਂਟ ਘਰ (ਲੰਡਨ) ਦੇ ਮੁਨਾਰੇ ਦੀਆਂ ੩੬੦ ਪੌੜੀਆਂ ਹਨ, ਜਿਨ੍ਹਾਂ ਦੀ ਸ਼ਿਖਰ ਪੁਰ "ਬਿਗਬੈਨ" ਨਾਮੇ ਘੜੀ ਲੱਗੀ ਹੋਈ ਹੈ, ਇਸ ਨੂੰ ਲੱਗੇ ਕਰੀਬਨ ੫੫ ਸਾਲ ਹੋ ਚੱਲੇ ਹਨ. ਇਸ ਦੀ ਅਦਭੁਤ ਵਿਸ਼ਾਲਤਾ ਦਾ ਅੰਦਾਜ਼ਾ ਵੇਖਣ ਤੋਂ ਹੀ ਚੰਗੀ ਤਰ੍ਹਾਂ ਮਲੂਮ ਹੋ ਸਕਦਾ ਹੈ. ਇਸ ਘੜੀ ਦੇ ਚਾਰ ਮੁਖ (Dial) ਹਨ. ਪ੍ਰਤ੍ਯੇਕ ਦਾ ਕੁਤਰ ੨੩ ਫੁਟ ਹੈ. ਮਿੰਟਾਂ ਦੀਆਂ ਸੂਈਆਂ ਚੌਦਾਂ ਚੌਦਾਂ ਫੁਟ ਲੰਮੀਆਂ ਹਨ. ਇਸ ਦੇ ਲੰਗਰ (Pendulum) ਦਾ ਵਜ਼ਨ ਪੰਜ ਮਣ ਪੱਚੀ ਸੇਰ (੪੫੦ ਪੌਂਡ) ਹੈ ਹਰ ਇੱਕ ਹਿੰਦਸਾ (ਅੰਗ) ਦੋ ਫੁਟ ਲੰਮਾ ਹੈ. ਮਿੰਟਾਂ ਦੀਆਂ ਵਿੱਥਾਂ ਇੱਕ ਇੱਕ ਫੁਟ ਮੁਰੱਬਾ ਹਨ. ਇਸ ਦੇ ਘੜਿਆਲ ਦਾ ਵਜ਼ਨ ੩੭੮ ਮਣ ਪੱਕੇ (ਸਾਢੇ ੨੩ ਟਨ) ਹੈ, ਅਰ ਜਿਸ ਹਥੌੜੇ ਨਾਲ ਇਹ ਖੜਕਦੀ ਹੈ ਉਸ ਦਾ ਵਜ਼ਨ ਭੀ ਦੋ ਮਣ ਪੱਕੇ ਹੈ. ਇਸ ਨੂੰ ਹਫ਼ਤੇ ਵਿੱਚ ਤਿੰਨ ਵੇਰ ਚਾਬੀ ਲਗਾਈ ਜਾਂਦੀ ਹੈ, ਅਰ ਚਾਬੀ ਲਾਉਣ ਲਈ ਦੋ ਆਦਮੀਆਂ ਨੂੰ ਪੰਜ ਘੰਟੇ ਲਗਦੇ ਹਨ.#ਪਿਛਲੇ ਸਾਲ (੧੯੨੭ ਵਿੱਚ) ਇੱਕ ਅਤ੍ਯੰਤ ਅਦਭੁਤ ਘੜੀ, ਜਿਸ ਨੂੰ ਸੰਸਾਰ ਦਾ ਅੱਠਵਾਂ ਅਜੂਬਾ ਕਿਹਾ ਗਿਆ ਹੈ, ਆਸਟ੍ਰੀਆ ਦੀ ਰਾਜਧਾਨੀ, ਵੀਐਨਾ ਵਿਚ ਤਿਆਰ ਹੋਈ ਹੈ. ਇਹ ਸੰਗੀਤ ਘੜੀ ਹੈ, ਅਰ ਸੋਲਾਂ ਵਰ੍ਹਿਆਂ ਵਿੱਚ ਬਣੀ ਹੈ. ਇਸ ਦਾ ਹਰ ਇੱਕ ਹਿੰਦਸਾ ੬. ਫੁਟ ਉੱਚਾ ਹੈ. ਯੂਰਪ ਦੇ ਇਤਿਹਾਸ ਵਿੱਚੋਂ ਬਾਰਾਂ ਪ੍ਰਸਿੱਧ ਬਾਦਸ਼ਾਹਾਂ ਦੇ ਬੁਤ, ਇਸ ਵਿੱਚ ਅਜੇਹੇ ਢੰਗ ਨਾਲ ਗੁਪਤ ਰੱਖੇ ਹਨ ਕਿ ਜਦ ਘੰਟਾ ਪੂਰਾ ਹੁੰਦਾ ਹੈ, ਤਾਂ ਝਟ ਇੱਕ ਵਿਸ਼ੇਸ ਬੁਤ ਸਨਮੁਖ ਆ ਜਾਂਦਾ, ਅਰ ਠੀਕ ਘੰਟਾ ਭਰ ਦ੍ਰਿਸ੍ਟਿਗੋਚਰ ਰਹਿੰਦਾ ਹੈ. ਪ੍ਰਤ੍ਯੇਕ ਬੁਤ ਦੀ ਮੌਜੂਦਗੀ ਵਿੱਚ ਲਗਾਤਾਰ ਇੱਕ ਵਿਸ਼ੇਸ ਸੰਗੀਤ ਭੀ ਵਜਦਾ ਰਹਿੰਦਾ ਹੈ.#ਚਤੁਰ ਕਾਰੀਗਰਾਂ ਨੇ ਘਟਿਕਾਯੰਤ੍ਰ (ਘੜੀਆਂ) ਵਿੱਚ ਨਵੀਂ ਤੋਂ ਨਵੀਂ ਕਾਢਾਂ ਕੱਢਕੇ ਜੋ ਸਮੇਂ ਸਮੇਂ ਸਿਰ ਇਸ ਦੀ ਕਾਇਆਂ ਪਲਟੀ ਹੈ ਉਹ ਅਨੇਕ ਰੂਪਾਂ ਵਿੱਚ ਹੁਣ ਵੇਖੀ ਜਾਂਦੀ ਹੈ.
Source: Mahankosh
Shahmukhi : گھڑی
Meaning in English
a unit of time equal to 22.5 minutes; watch, clock, time-piece; small pitcher; cf. ਘੜਾ
Source: Punjabi Dictionary