Definition
ਸੰ. चित्रगुप्त ਗੁਰਮਤ ਅਨੁਸਾਰ ਸਾਕ੍ਸ਼ੀ ਆਤਮਾ. ਜਮੀਰ, ਜੋ ਗੁਪਤ ਰੀਤਿ ਨਾਲ ਸ਼ੁਭ ਅਸ਼ੁਭ ਕਰਮਾਂ ਨੂੰ ਚਿਤ੍ਰ ਕਰਦਾ ਹੈ. ਦੇਖੋ, ਕਾਇਥਚੇਤੂ। ੨. ਪੁਰਾਣਾਂ ਅਨੁਸਾਰ ਧਰਮਰਾਜ ਦਾ ਇੱਕ ਮੁਨਸ਼ੀ, ਜੋ ਸਾਰੇ ਜੀਵਾਂ ਦੇ ਕਰਮ ਗੁਪਤ ਰੀਤਿ ਨਾਲ ਲਿਖਦਾ ਹੈ. ਸਕੰਦਪੁਰਾਣ ਵਿੱਚ ਲੇਖ ਹੈ ਕਿ ਇੱਕ "ਚਿੱਤ੍ਰ" ਨਾਉਂ ਦਾ ਰਾਜਾ, ਹ਼ਿਸਾਬ ਵਿੱਚ ਵਡਾ ਨਿਪੁਣ ਸੀ. ਯਮਰਾਜ ਨੇ ਆਪਣੇ ਦਫ਼ਤਰ ਦਾ ਹ਼ਿਸਾਬ ਠੀਕ ਰੱਖਣ ਵਾਸਤੇ ਉਸ ਨੂੰ (ਜਦ ਕਿ ਉਹ ਨਦੀ ਵਿੱਚ ਨ੍ਹਾਉਣ ਵੜਿਆ) ਚੁੱਕ ਮੰਗਵਾਇਆ ਅਤੇ ਦਫ਼ਤਰ ਦਾ ਕੰਮ ਉਸ ਦੇ ਸਪੁਰਦ ਕੀਤਾ.#ਭਵਿਸ਼੍ਯਤ ਪੁਰਾਣ ਵਿੱਚ ਲਿਖਿਆ ਹੈ ਕਿ ਜਦ ਬ੍ਰਹਮਾ ਸ੍ਰਿਸ੍ਟਿ ਰਚਕੇ ਧ੍ਯਾਨਪਰਾਇਣ ਹੋਇਆ. ਤਦ ਉਸ ਦੇ ਸ਼ਰੀਰ ਵਿੱਚੋਂ ਇੱਕ ਚਿਤ੍ਰ (ਰੰਗ ਬਰੰਗਾ) ਪੁਰੁਸ ਪ੍ਰਗਟ ਹੋਇਆ, ਜਿਸ ਦੇ ਹੱਥ ਕਲਮ ਦਵਾਤ ਸੀ. ਬ੍ਰਹਮਾ ਦੀ ਅੱਖ ਖੁੱਲਣ ਪੁਰ ਉਸ ਨੇ ਆਖਿਆ ਕਿ ਮੇਰਾ ਨਾਮ ਅਤੇ ਕੰਮ ਦੱਸੋ. ਬ੍ਰਹਮਾ ਨੇ ਕਿਹਾ ਕਿ ਤੂੰ ਮੇਰੇ ਕਾਯ (ਸ਼ਰੀਰ) ਤੋਂ ਪ੍ਰਗਟ ਹੋਇਆ ਹੈਂ, ਇਸ ਲਈ 'ਕਾਯਸ੍ਥ' ਸੰਗ੍ਯਾ ਹੋਈ, ਅਰ ਤੇਰਾ ਕੰਮ ਜੀਵਾਂ ਦੇ ਕਰਮ ਲਿਖਣ ਦਾ ਹੋਵੇਗਾ. ਕਾਯਸ੍ਥ ਲੋਕ ਆਖਦੇ ਹਨ ਕਿ ਸਾਡਾ ਵਡੇਰਾ ਇਹੀ ਹੈ.#ਗਰੁੜਪੁਰਾਣ ਅਨੁਸਾਰ ਚਿਤ੍ਰਗੁਪਤ ਦੀ ਪੁਰੀ ਜੁਦੀ ਹੈ, ਜੋ ਯਮਰਾਜ ਦੀ ਪੁਰੀ ਦੇ ਪਾਸ ਹੈ. ਚਿਤ੍ਰਗੁਪਤ ਦੀ ਪੂਜਾ ਕੱਤਕ ਸੁਦੀ ੨. (ਯਮਦ੍ਵਿਤੀਯਾ- ਭਾਈਦੂਜ) ਨੂੰ ਹੋਇਆ ਕਰਦੀ ਹੈ. "ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮਦੂਤਾਂ ਕਛੂ ਨ ਚਲੀ." (ਸ੍ਰੀ ਛੰਤ ਮਃ ੫)#ਇਸਲਾਮ ਮਤ ਵਿੱਚ ਭੀ ਚਿਤ੍ਰਗੁਪਤ ਦੇ ਮੁਕਾਬਲੇ ਫਰਿਸ਼ਤੇ ਹਨ. ਦੇਖੋ, ਫ਼ਰਿਸ਼ਤਾ.
Source: Mahankosh