Definition
ਸੰਮਤ ੧੯੧੪ (ਸਨ ੧੮੫੭)¹ ਦਾ ਰਾਜਰੌਲਾ. ਫੌਜ ਦੀ ਬਗਾਵਤ. Mutiny. ਕਈ ਰਾਜਨੀਤਿ ਅਤੇ ਮਜਹਬੀ ਮੁਆਮਲਿਆਂ ਤੋਂ ਪੈਦਾ ਹੋਈ ਲੋਕਾਂ ਦੀ ਨਾਰਾਜਗੀ ਤੋਂ ਇਹ ਝਗੜਾ ਛਿੜਿਆ. ਸਭ ਤੋਂ ਪਹਿਲਾਂ ਬੰਗਾਲ ਅਤੇ ਬੰਬਈ ਦੀਆਂ ਫੌਜਾਂ ਵਿੱਚ ਕੁੱਝ ਗੜਬੜੀ ਹੋਈ. ੧੦. ਮਈ ਨੂੰ ਮੇਰਟ ਰਸਾਲਾ ਬਿਗੜ ਬੈਠਾ ਅਤੇ ੩੪ ਨੰਬਰ ਦੇ ਸਿਪਾਹੀਆਂ ਨੇ ਗੋਰੇ ਅਫਸਰ ਨੂੰ ਵੱਢ ਦਿੱਤਾ. ਫੂਸ ਦੀ ਅੱਗ ਵਾਂਙ ਸਾਰੇ ਹਿੰਦੁਸਤਾਨ ਵਿੱਚ ਇਹ ਬਗਾਵਤ ਫੈਲ ਗਈ. ਬਹੁਤ ਅੰਗਰੇਜ, ਬੱਚੇ ਅਤੇ ਇਸਤ੍ਰੀਆਂ ਸਮੇਤ ਮਾਰੇ ਗਏ. ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਬਿਗੜੀ ਹੋਈ ਫੌਜ ਅਤੇ ਬਹੁਤ ਮੁਲਕੀ ਲੋਕਾਂ ਨੇ ਆਪਣਾ ਮਾਲਿਕ ਮੰਨਕੇ ਦਿੱਲੀ ਨੂੰ ਜੰਗ ਦਾ ਅੱਡਾ ਬਣਾਇਆ. ਬਾਦਸ਼ਾਹ ਕੈਦ ਕੀਤਾ ਗਿਆ ਅਤੇ ਉਸ ਦੇ ਪੁਤ੍ਰ ਮਾਰੇ ਗਏ.#ਇਸ ਗਦਰ ਵਿੱਚ ਫੂਲਕੀਆਂ ਸਿੱਖ ਰਿਅਸਤਾਂ ਅਤੇ ਪੰਜਾਬ ਦੇ ਤਮਾਮ ਰਾਜੇ, ਸਰਦਾਰ ਅਤੇ ਪੇਂਡੂ ਸਿੱਖਾਂ ਨੇ ਗਵਰਨਮੇਂਟ ਬਰਤਾਨੀਆ ਦੀ ਵਡੀ ਸਹਾਇਤਾ ਕੀਤੀ. ਦਿੱਲੀ ਦੀ ਫਤੇ ਵਿੱਚ ਭਾਰੀ ਹਿੱਸਾ ਸਿੱਖ ਮਹਾਰਾਜੇ ਅਤੇ ਸਿੱਖਾਂ ਦਾ ਸੀ. ੧੦ ਨਵੰਬਰ ਸਨ ੧੮੫੮ ਨੂੰ ਇਹ ਗਦਰ ਸਮਾਪਤ ਹੋਇਆ. ਇਹ ਘਟਨਾ ਲਾਰਡ ਕੈਨਿੰਗ Lord Canning ਗਵਰਨਰ ਜਨਰਲ ਵੇਲੇ ਹੋਈ ਹੈ.
Source: Mahankosh