Definition
ਦੇਖੋ, ਕਲਾ। ੨. ਸ਼ੁਕ੍ਰਨੀਤਿ ਵਿੱਚ ਚੌਸਠ ਕਲਾ (चतुः षष्टि कला) ਇਹ ਲਿਖੀਆਂ ਹਨ- ਹਾਵਭਾਵ ਸਹਿਤ ਨਾਚ, ਵਾਜਿਆਂ ਦਾ ਵਜਾਉਣਾ, ਵਸਤ੍ਰ ਗਹਿਣੇ ਸਜਾਉਣ ਦਾ ਢੰਗ, ਅਨੇਕ ਰੂਪ ਬਣਾਉਣ ਦੀ ਵਿਦ੍ਯਾ, ਫੁੱਲਾਂ ਦਾ ਗੁੰਦਣਾ, ਜੂਆ ਆਦਿ ਖੇਲ, ਕਾਮ ਦੇ ਆਸਣਾਂ ਦਾ ਗ੍ਯਾਨ, ਮਦਿਰਾ ਆਦਿ ਰਸਾਂ ਦਾ ਬਣਾਉਣਾ, ਨਾੜੀਆਂ ਦੇ ਘਾਵ ਮਿਟਾਉਣ ਦੀ ਵਿਦ੍ਯਾ, ਅੰਨ ਦੇ ਅਨੇਕ ਰਸਾਂ ਦਾ ਬਣਾਉਣਾ, ਵ੍ਰਿਕ੍ਸ਼੍ ਲਾਉਣ ਪਾਲਣ ਦਾ ਇ਼ਲਮ, ਧਾਤੂਆਂ ਦਾ ਪਿਘਾਰਨਾ ਅਤੇ ਕਠੋਰ ਕਰਨਾ, ਗੁੜ ਆਦਿ ਰਸ ਪਕਾਉਣੇ, ਧਾਤੁ ਦੀ ਦਵਾ ਬਣਾਉਣੀ, ਮਿਲੀ ਧਾਤਾਂ ਨੂੰ ਅਲਗ ਕਰਨਾ, ਧਾਤਾਂ ਨੂੰ ਮਿਲਾਉਣਾ, ਇ਼ਮਾਰਤ ਰਚਣਾ, ਸ਼ਸਤ੍ਰਾਂ ਦਾ ਚਲਾਉਣਾ, ਮੱਲਯੁੱਧ, ਯੰਤ੍ਰ ਨਾਲ ਅਸਤ੍ਰਾਂ ਦਾ ਫੈਂਕਣਾ, ਫੌਜ ਦਾ ਕਿਲਾ ਰਚਣਾ, ਹਾਥੀ ਘੋੜੇ ਆਦਿ ਦਾ ਜੰਗ ਵਿੱਚ ਪ੍ਰਯੋਗ ਕਰਨ ਦਾ ਪ੍ਰਕਾਰ, ਦੇਵਤਾ ਦਾ ਆਰਾਧਨ, ਘੋੜੇ ਹਾਥੀ ਨੂੰ ਚਾਲ ਸਿਖਾਉਣਾ, ਮਿੱਟੀ ਦੀਆਂ ਵਸਤੂਆਂ ਰਚਣੀਆਂ, ਕਾਠ ਦੇ ਪਦਾਰਥ ਬਣਾਉਣੇ, ਪੱਥਰ ਦਾ ਸਾਮਾਨ ਰਚਣਾ, ਧਾਤੁ ਦੀ ਵਸਤੁ ਬਣਾਉਣੀ, ਖਾਨਿ (ਆਕਰ) ਦਾ ਗ੍ਯਾਨ, ਤਾਲ ਬਾਵਲੀ ਕੂਪ ਆਦਿ ਦੀ ਰਚਨਾ, ਘਟੀਯੰਤ੍ਰ ਦੀ ਰਚਨਾ, ਰੰਗਾਂ ਦੇ ਮੇਲ ਨਾਲ ਅਨੇਕ ਰੰਗ ਰਚਣੇ, ਜਲ ਪਵਨ ਅਗਨਿ ਦੇ ਸੰਯੋਗ ਨਾਲ ਰੋਗਾਦਿ ਰੋਕਣ ਦੀ ਕ੍ਰਿਯਾ, ਕਿਸ਼ਤੀ ਦੀ ਰਚਨਾ, ਰੱਸੀ ਵੱਟਣੀ, ਕਪੜਾ ਬੁਣਨਾ, ਰਤਨਾਂ ਦੀ ਪਰਖ, ਅਸਲ ਅਤੇ ਬਨਾਵਟੀ ਧਾਤੁ ਦਾ ਗ੍ਯਾਨ, ਗਹਿਣੇ ਘੜਨੇ, ਲੇਪ ਬਣਾਉਣ ਦੇ ਪ੍ਰਕਾਰ, ਪਸ਼ੂ ਪਾਲਨ, ਦੁੱਧ ਚੋਣਾ, ਕਪੜਾ ਸਿਉਣਾ, ਪਾਣੀ ਪੁਰ ਤਰਨਾ, ਬਰਤਨ ਸਾਫ ਕਰਨ ਦਾ ਗ੍ਯਾਨ, ਕੱਪੜੇ ਧੋਣ ਦਾ ਇ਼ਲਮ, ਕੇਸਾਂ ਦੇ ਸਿੰਗਾਰਣ ਦਾ ਵੱਲ ਮਾਲਿਸ਼ ਦੇ ਢੰਗ, ਤੇਲ ਕੱਢਣ ਦਾ ਗ੍ਯਾਨ, ਮੁਰੱਬੇ ਆਦਿ ਬਣਾਉਣੇ, ਦਰਖ਼ਤ ਪੁਰ ਚੜ੍ਹਨਾ, ਬਲ ਕਾਰਕ ਪਦਾਰਥਾਂ ਦੇ ਸੇਵਨ ਦੀ ਸਮਝ, ਬਾਂਸ ਤੂਤ ਆਦਿ ਤੋਂ ਪਾਤ੍ਰ ਰਚਣੇ, ਕੱਚ ਦੇ ਭਾਂਡੇ ਬਣਾਉਣੇ, ਜਲ ਸਿੰਜਣਾ, ਜਲ ਸਾਫ ਕਰਨਾ, ਹਥਿਆਰ ਘੜਨੇ, ਪਸ਼ੁਚਿੰਨ੍ਹਾਂ ਤੋਂ ਭਲਾ ਬੁਰਾ ਫਲ ਸਮਝਣ ਦੀ ਸਮਝ, ਬੱਚੇ ਪਾਲਣਾ, ਬੱਚਿਆਂ ਦੀ ਸਿਖ੍ਯਾ, ਬੱਚਿਆਂ ਨਾਲ ਖੇਡਣਾ, ਅਨੇਕ ਅੱਖਰਾਂ ਦਾ ਸੁੰਦਰ ਲਿਖਣਾ, ਅਪਰਾਧੀ ਨੂੰ ਦੰਡ ਦੇਣ ਦਾ ਗ੍ਯਾਨ, ਪਾਨਾਂ ਦਾ ਰਕ੍ਸ਼੍ਣ ਅਤੇ ਬੀੜੀ ਆਦਿ ਦੀ ਰਚਨਾ ਦਾ ਗ੍ਯਾਨ. ਦੇਖੋ, ਵਿਦ੍ਯਾ ਸ਼ਬਦ.
Source: Mahankosh