Definition
ਸੰਗ੍ਯਾ- ਉਦਰ (ਪੇਟ) ਵਿੱਚ ਜਲ (ਪਾਣੀ) ਪੈ ਜਾਣਾ. ਜਲੰਧਰ ਰੋਗ. [استِسقا] ਇਸਤਿਸਕ਼ਾ. Dropsy. ਇਹ ਰੋਗ ਜਿਗਰ ਗੁਰਦੇ ਤਿੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਿੱਟਾ ਹੈ. ਅੰਦਰ ਦੇ ਹਿੱਸਿਆਂ ਦੀਆਂ ਜਲ ਵਾਲੀਆਂ ਝਿੱਲੀਆਂ ਵਿੱਚ ਖੂਨ ਦਾ ਪਾਣੀ ਫਿੱਟਕੇ ਜਮਾ ਹੋ ਜਾਂਦਾ ਹੈ. ਇਸ ਦੇ ਕਾਰਣ ਵਿਦ੍ਵਾਨਾਂ ਨੇ ਇਹ ਮੰਨੇ ਹਨ-#ਦਿਲ ਸੰਬੰਧੀ ਨਾੜੀਆਂ ਵਿੱਚ ਸੁੱਦਾ ਰਹਿਣਾ, ਰਕਤ ਵਾਹੀ ਨਾੜੀਆਂ ਵਿੱਚ ਰੋਕ ਹੋਣੀ, ਕਮਜੋਰੀ ਦੇ ਕਾਰਣ ਲਹੂ ਦਾ ਪਤਲਾ ਪੈਕੇ ਫਟ ਜਾਣਾ, ਖੂਨ ਵਿੱਚੋਂ ਫੌਲਾਦੀ ਹਿੱਸਾ ਘਟ ਜਾਣਾ, ਮਲ ਮੂਤ੍ਰ ਦੇ ਤਿਆਗ ਪਿੱਛੋਂ ਬਹੁਤ ਪਾਣੀ ਪੀਣਾ, ਗਿੱਲੇ ਵਸਤ੍ਰ ਪਹਿਰਨੇ, ਪੇਸ਼ਾਬ ਦਾ ਜਹਿਰ ਅਤੇ ਪਸੀਨਾ ਰੁਕ ਜਾਣਾ, ਹਾਜਮੇ ਦਾ ਵਿਗਾੜ ਹੋਣਾ, ਪ੍ਰਸੂਤ ਸਮੇਂ ਜੱਚਾ ਦਾ ਬੇਤਹਾਸ਼ਾ ਜਲ ਪੀਣਾ, ਅਤੇ ਅੰਦਰ ਮਵਾਦ ਦਾ ਗਲ ਸੜ ਜਾਣਾ ਆਦਿ.#ਜਲੋਦਰ ਰੋਗ ਜੇ ਦਿਲ ਅਤੇ ਫੇਫੜਿਆਂ ਦੀ ਖਰਾਬੀ ਤੋਂ ਹੋਵੇ, ਤਾਂ ਪਹਿਲਾਂ ਸੋਜ ਪੈਰਾਂ ਤੇ ਫੇਰ ਪੇਟ ਤੇ ਉਪਰੰਤ ਸਾਰੇ ਸਰੀਰ ਤੇ ਹੁੰਦੀ ਹੈ. ਜੇ ਜਿਗਰ ਦੀ ਖਰਾਬੀ ਤੋਂ ਹੋਵੇ ਤਾਂ ਸੋਜ ਪਹਿਲਾਂ ਪੇਟ ਤੇ ਹੁੰਦੀ ਹੈ. ਜੇ ਗੁਰਦਿਆਂ ਦੀ ਖਰਾਬੀ ਤੋਂ ਹੋਵੇ ਤਾਂ ਪਹਿਲਾਂ ਸੋਜ ਅੱਖਾਂ ਤੇ ਚੇਹਰੇ ਉੱਪਰ ਹੋਕੇ ਵਿਗਾੜ ਹੁੰਦਾ ਹੈ. ਆਰਾਮ ਕਰਨ ਤੋਂ ਸੋਜਾਂ ਵਧ ਜਾਂਦੀਆਂ ਹਨ. ਫਿਰਨ ਤੁਰਨ ਤੋਂ ਘਟ ਜਾਂਦੀਆਂ ਹਨ. ਜੇ ਪਾਂਡੁ ਰੋਗ ਦੇ ਕਾਰਣ ਜਲੋਦਰ ਹੋਵੇ ਤਦ ਸੋਜ ਸਾਧਾਰਣ ਹੁੰਦੀ ਹੈ, ਆਰਾਮ ਕਰਨ ਤੋਂ ਸਵੇਰ ਵੇਲੇ ਆਪਣੇ ਆਪ ਹਟ ਜਾਂਦੀ ਹੈ ਅਰ ਤੁਰਣ ਫਿਰਣ ਤੋਂ ਵਧ ਜਾਂਦੀ ਹੈ. ਜੋ ਜਲੋਦਰ ਦਿਲ ਦੀ ਖਰਾਬੀ ਤੋਂ ਹੋਵੇ ਉਹ ਵਡਾ ਭਯੰਕਰ ਹੁੰਦਾ ਹੈ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਆਦਮੀ ਦਾ ਇਲਾਜ ਹੋਣਾ ਜਰੂਰੀ ਹੈ. ਜਲੋਦਰ ਦੇ ਸਾਧਾਰਣ ਉਪਾਉ ਇਹ ਹਨ-#(੧) ਪਾਣੀ ਪੀਣਾ ਬੰਦ ਕਰਕੇ ਗਊ ਦੀ ਲੱਸੀ, ਅਰਕ ਸੌਂਫ, ਅਰਕ ਮਕੋ, ਉਠਣੀ ਦਾ ਦੁੱਧ ਪੀਣਾ. (੨) ਕਬਜਕੁਸ਼ਾ ਅਤੇ ਪਸੀਨਾ (ਮੁੜ੍ਹਕਾ) ਲਿਆਉਣ ਵਾਲੀਆਂ ਚੀਜਾਂ ਦਾ ਸੇਵਨ ਕਰਨਾ.#(੩) ਛਿੱਲਹਰੜ ਇੱਕ ਮਾਸ਼ਾ, ਕੁਸ਼ਤਾ ਫੌਲਾਦ ਆਬੀ ਦੋ ਰੱਤੀ, ਗਊ ਦੀ ਲੱਸੀ ਨਾਲ ਦਿਨ ਵਿੱਚ ਦੋ ਵਾਰ ਵਰਤਣਾ.#(੪) ਫੌਲਾਦ, ਹਰੜ ਦੀ ਛਿੱਲ, ਰੇਂਵਦ ਖ਼ਤਾਈ, ਕੜੂ, ਨਸਾਦਰ, ਇਹ ਸਭ ਸਮਾਨ ਲੈ ਕੇ ਡੇਢ ਡੇਢ ਮਾਸ਼ੇ ਦੀਆਂ ਤਿੰਨ ਪੁੜੀਆਂ ਰੋਜ ਗਊ ਦੀ ਲੱਸੀ ਜਾਂ ਅਰਕਮਕੋ ਨਾਲ ਖਾਣੀਆਂ.#(੫) ਛੋਲਿਆਂ ਦੀਆਂ ਖਿੱਲਾਂ ੨੧. ਵਾਰ ਧੋਹਰ ਦੇ ਦੁੱਧ ਵਿੱਚ ਭਿਉਂਕੇ ਛਾਂਵੇਂ ਸੁਕਾਕੇ, ਇੱਕ ਤੋਂ ਪੰਜ ਤਕ, ਤਿੰਨ ਵਾਰ ਰੋਜ ਖਾਣੀਆਂ.#(੬) ਰਾਤ ਨੂੰ ਕੌੜੀ ਤੂੰਬੀ ਵਿੱਚ ਸੌਂਫ ਅਤੇ ਮਕੋ ਦਾ ਅਰਕ ਭਰ ਰੱਖਣਾ, ਸਵੇਰ ਵੇਲੇ ਇਸ ਨਾਲ ਨਕਛਿੱਕਣੀ ਬੂਟੀ ਦੀ ਜੜ ਦਾ ਇੱਕ ਮਾਸਾ ਚੂਰਣ ਖਾਣਾ.#(੭) ਕਰੇਲੇ ਦਾ ਰਸ ਦੋ ਤੋਲੇ ਰੋਜ ਪੀਣਾ.#(੮) ਮਕੋ ਦੀ ਭੁਰਜੀ ਖਾਣੀ.#(੯) ਇੰਦ੍ਰਜੌਂ ਚਾਰ ਤੋਲੇ, ਭੁੰਨੀ ਹੋਈ ਹਿੰਗ ਚਾਰ ਤੋਲੇ, ਸੰਖ ਦੀ ਭਸਮ ਚਾਰ ਤੋਲੇ, ਮਘਾਂ ਇੱਕ ਤੋਲਾ, ਇਨ੍ਹਾਂ ਦਾ ਚੂਰਣ ਗਊ ਦੀ ਲੱਸੀ ਨਾਲ ਉਮਰ ਅਤੇ ਬਲ ਅਨੁਸਾਰ ਖਾਣਾ.#(੧੦) ਪੁਠਕੰਡਾ ਘੋਟਕੇ ਪੇਟ ਤੇ ਲੇਪ ਕਰਨਾ.#(੧੧) ਜਮਾਲਗੋਟੇ ਦੇ ਤੇਲ (Croton Oil) ਦੀਆਂ ਦੋ ਦੋ ਬੂੰਦਾਂ ਦਿਨ ਵਿੱਚ ਤਿੰਨ ਵਾਰ ਖਾਣੀਆਂ.#(੧੨) ਸਿਆਣੇ ਡਾਕਟਰ ਤੋਂ ਪੇਟ ਦਾ ਪਾਣੀ ਨਿਕਲਵਾਉਣਾ.
Source: Mahankosh