Definition
ਗੁਰੁਯਸ਼ ਕਰਤਾ ਇੱਕ ਭੱਟ. "ਜਲ੍ਹਨ ਤੀਰ ਬਿਪਾਸ ਬਨਾਯਉ." (ਸਵੈਯੇ ਮਃ ੪. ਕੇ) ੨. ਭਡਾਣਾ ਪਿੰਡ (ਜਿਲਾ ਅੰਮ੍ਰਿਤਸਰ) ਦਾ ਵਸਨੀਕ ਸਿੱਧੂ ਜੱਟ, ਜੋ ਵਡਾ ਖੁਲਾਸਾ ਭਗਤ ਸੀ. ਇਸ ਦੀ ਇਸਤ੍ਰੀ ਦਾ ਨਾਮ ਰਾਮਕੀ ਸੀ. ਇਸ ਦੇ ਸਿੱਧੇ ਸਾਦੇ ਬਚਨ ਸਾਰ ਦੇ ਭਰੇ ਹੋਏ ਹਨ. ਇੱਕ ਵੇਰ ਗਠੇ ਲਾ ਰਹੇ ਜਲ੍ਹਣ ਨੂੰ ਕਿਸੇ ਨੇ ਪੁੱਛਿਆ, ਰੱਬ ਦੇ ਪਾਉਣ ਦਾ ਕੀ ਯਤਨ ਹੈ? ਅੱਗੋਂ ਜਵਾਬ ਦਿੱਤਾ- "ਰੱਬ ਦਾ ਕੀ ਪਾਉਣਾ, ਓਧਰੋਂ ਪੁੱਟਣਾ ਤੇ ਐਧਰ ਲਾਉਣਾ." ਭਾਵ- ਦੁਨੀਆਂ ਵੱਲੋਂ ਮਨ ਹਟਾਕੇ ਰੱਬ ਵੱਲ ਲਾਉਣਾ. ਇਹ ਮਹਾਤਮਾ ਛੀਵੇਂ ਸਤਿਗੁਰੂ ਜੀ ਦੇ ਸਮੇਂ ਹੋਇਆ ਹੈ. "ਜਲ੍ਹਨ ਸਾਧ ਹੁਤੋ ਜਿਸ ਥਾਨ। ਤਹਿਂ ਲਗ ਪਹੁਚੇ ਗੁਰੁ ਭਗਵਾਨ। ਨਾਮ ਰਾਮਕੀ ਤਿਸ ਕੀ ਦਾਰਾ। ਹਰਖਤ ਉਰ ਪਿਖ ਵਾਕ ਉਚਾਰਾ।।" (ਗੁਪ੍ਰਸੂ ਰਾਸਿ ੭. ਅਃ ੧੫)
Source: Mahankosh