ਜਸਪਤਿ ਦੀਵਾਨ
jasapati theevaana/jasapati dhīvāna

Definition

ਏਹ ਕਲਾਨੌਰ ਦਾ ਵਸਨੀਕ ਦੀਵਾ ਲਖਪਤਿਰਾਇ ਦਾ ਭਾਈ ਸੀ. ਜਸਪਤਿ ਪਹਿਲਾਂ ਜਲੰਧਰ ਦਾ ਹਾਕਮ ਸੀ. ਝਕਰੀਆਖ਼ਾਨ ਸੂਬਾ ਲਹੌਰ ਨੇ ਇਸ ਨੂੰ ਏਮਾਨਬਾਦ ਛੋਟੇ ਪਰਗਨੇ ਦਾ ਦੀਵਾਨ ਕਰ ਦਿੱਤਾ ਅਤੇ ਇਸ ਦੀ ਥਾਂ ਅਦੀਨਾਬੇਗ ਨੂੰ ਜਲੰਧਰ ਦਾ ਹਾਕਮ ਬਣਾ ਦਿੱਤਾ. ਇਸ ਗੱਲ ਤੋਂ ਜਸਪਤਿ ਅਤੇ ਅਦੀਨਾਬੇਗ ਦੀ ਖਟਪਟੀ ਹੋ ਗਈ, ਜਿਸ ਤੋਂ ਸਿੰਘਾਂ ਨੇ ਲਾਭ ਉਠਾਇਆ.#ਸੰਮਤ ੧੮੦੨ (ਸਨ ੧੭੪੪) ਵਿੱਚ ਇਸ ਦੀ ਸਿੰਘਾਂ ਦੇ ਇੱਕ ਜਥੇ ਨਾਲ ਮੁਠ ਭੇੜ ਹੋ ਗਈ. ਨਿਬਾਹੂ ਸਿੰਘ ਰੰਘਰੇਟੇ ਨੇ ਬੱਦੋ ਕੀ ਗੁਸਾਈਆਂ ਪਿੰਡ ਪਾਸ ਜਸਪਤਿ ਦੇ ਹਾਥੀ ਦੇ ਚੜ੍ਹਕੇ ਇਸ ਦਾ ਸਿਰ ਵੱਢ ਲਿਆ. ਬਾਵਾ ਕਿਰਪਾਰਾਮ ਗੁਸਾਂਈ ਨੇ, ਜੋ ਜਸਪਤਿ ਦਾ ਕੁਲਗੁਰੂ ਸੀ ਪੰਜ ਸੌ ਰੁਪਏ ਦੇ ਕੇ ਸਿੰਘਾਂ ਤੋਂ ਸਿਰ ਲੈ ਕੇ ਸਸਕਾਰ ਦਿੱਤਾ. ਜਸਪਤਿ ਦੀ ਸਮਾਧ ਬੱਦੋ ਕੀ ਗੁਸਾਈਆਂ ਕੋਲ (ਜਿਲੇ ਗੁਜਰਾਂਵਾਲੇ) ਵਿਦ੍ਯਮਾਨ ਹੈ. ਦੇਖੋ, ਲਖਪਤਿਰਾਇ.
Source: Mahankosh