Definition
ਅ਼. [ذاتالجنب] ਜਾਤੁਲਜੰਬ. ਸੰ. पाशर्वशूल ਪਾਰਸ਼੍ਵਸ਼ੂਲ. ਪਸਲੀ ਦੀ ਪੀੜ. Pleurisy. ਇਸ ਰੋਗ ਦੇ ਕਾਰਣ ਹਨ- ਸਰਦੀ ਲੱਗਣੀ, ਮੀਂਹ ਵਿੱਚ ਭਿੱਜਣਾ, ਗਿੱਲੇ ਵਸਤ੍ਰ ਪਹਿਰਣੇ, ਛਾਤੀ ਦੇ ਸੱਟ ਲੱਗਣੀ, ਪਸਲੀ ਟੁੱਟ ਜਾਣੀ, ਨਜਲੇ ਦਾ ਵਿਗੜ ਜਾਣਾ, ਨਿਮੋਨੀਆ Pneumonia ਰੋਗ ਦਾ ਹੋਣਾ ਆਦਿ.#ਪਹਿਲਾਂ ਛਾਤੀ ਵਿੱਚ ਖਿੱਚ ਤੇ ਬੋਝ ਹੋ ਕੇ ਸਰਦੀ ਦਾ ਹਲਕਾ ਬੁਖਾਰ ਹੁੰਦਾ ਹੈ. ਫੇਫੜੇ ਦੇ ਗਿਲਾਫ ਵਿੱਚ ਸੋਜ ਹੋ ਜਾਂਦੀ ਹੈ. ਮੰਮੇ ਹੇਠ ਜਕੜਨ ਤੇ ਚੋਭ ਪ੍ਰਤੀਤ ਹੁੰਦੀ ਹੈ ਫੇਰ ਅਜੇਹਾ ਦਰਦ ਹੁੰਦਾ ਹੈ ਮਾਨੋ ਕੋਈ ਬਰਛੀ ਚੋਭਦਾ ਹੈ. ਸਾਹ ਖਿੱਚਕੇ ਆਉਂਦਾ ਹੈ. ਥੋੜੀ ਖੁਸ਼ਕ ਖਾਂਸੀ ਹੁੰਦੀ ਹੈ. ਪੇਸ਼ਾਬ ਥੋੜਾ ਅਤੇ ਲਾਲ ਰੰਗ ਦਾ ਆਉਂਦਾ ਹੈ. ਜ਼ੁਬਾਨ ਮੈਲੀ ਚੇਹਰਾ ਸੁਰਖ ਹੁੰਦਾ ਹੈ. ਇਹ ਰੋਗ ਅਕਸਰ ਇੱਕ ਪਾਸੇ ਹੀ ਹੁੰਦਾ ਹੈ, ਪਰ ਕਦੇ ਦੋਹੀਂ ਪਾਸੀਂ ਭੀ ਹੋ ਜਾਂਦਾ ਹੈ.#ਇਸ ਰੋਗ ਵਿੱਚ ਬਹੁਤ ਸਿਆਣੇ ਵੈਦ ਹਕੀਮ ਡਾਕਟਰ ਦਾ ਇਲਾਜ ਕਰਾਉਣਾ ਚਾਹੀਏ.#ਜਾਤਲਜੰਬ ਦਾ ਸਾਧਾਰਣ ਇਲਾਜ ਇਹ ਹੈ:-#(੧) ਰੋਗੀ ਨੂੰ ਗਰਮ ਬਿਸਤਰ ਤੇ ਆਰਾਮ ਨਾਲ ਲਿਟਾਈ ਰੱਖਣਾ, ਬਹੁਤ ਬੋਲਣ ਅਤੇ ਲੰਮਾ ਸਾਹ ਨਾ ਲੈਣ ਦੇਣਾ.#(੨) ਛਾਤੀ ਦੇ ਕੁਕੜੀ ਦੇ ਆਂਡੇ ਦਾ ਪੂੜਾ ਬੰਨ੍ਹਣਾ.#(੩) ਸੇਕ ਦੇਣਾ, ਤਾਰਪੀਨ ਦੇ ਤੇਲ ਦੀ ਮਾਲਿਸ਼ ਕਰਨੀ, ਪੋਸਤ ਦੀ ਟਕੋਰ ਕਰਨੀ, ਗਰਮ ਉਂਨੀ ਵਸਤ੍ਰ ਛਾਤੀ ਤੇ ਬੰਨ੍ਹਣਾ ਲਾਭਦਾਇਕ ਹੈ.#(੪) ਦਰਦ ਦੀ ਥਾਂ ਤੇ ਅਲਸੀ ਦੀ ਪੋਲਟਿਸ poultice ਬੰਨ੍ਹਣੀ.#(੫) ਗਰਮ ਸ਼ੋਰਵਾ ਪਿਆਉਣਾ.#(੬) ਕੁਸ਼ਤਾ ਬਾਰਾਂਸਿੰਗਾ ਦੋ ਦੋ ਰੱਤੀ ਦਿਨ ਵਿੱਚ ਦੋ ਤਿੰਨ ਵਾਰ ਸ਼ਹਿਦ ਵਿੱਚ ਮਿਲਾਕੇ ਚਟਾਉਣਾ.#(੭) ਇੱਕ ਤੋਲਾ ਮੁਨੱਕਾ, ਇੱਕ ਤੋਲਾ ਹਰੜ ਦੀ ਛਿੱਲ, ਪਾਣੀ ਵਿੱਚ ਕਾੜ੍ਹਕੇ ਸ਼ਹਿਦ ਮਿਲਾਕੇ ਪਿਆਉਣੇ.#(੮) ਚਿੱਟੀ ਫਟਕੜੀ ਦੀ ਖਿੱਲ ਇੱਕ ਮਾਸ਼ਾ, ਖੰਡ ਦੋ ਮਾਸ਼ੇ ਮਿਲਾਕੇ ਗਰਮ ਪਾਣੀ ਨਾਲ ਦੇਣੀ.#(੯) ਗੂੰਦ ਕਿੱਕਰ, ਮੇਥੀ ਦੇ ਬੀਜ, ਅਲਸੀ, ਧਨੀਆ, ਜੌਂ, ਸਭ ਸਮਾਨ ਲੈ ਕੇ ਕੂੰਡੇ ਵਿੱਚ ਪਾਣੀ ਪਾ ਕੇ ਅਜਿਹੇ ਘੋਟਣੇ ਕਿ ਲੇਸਦਾਰ ਹੋ ਜਾਣ, ਦਰਦ ਵਾਲੀ ਥਾਂ ਤੇ ਇਹ ਲੇਪ ਕਰਨਾ. (੧੦) ਫਸਦ ਖੋਲ੍ਹਣੀ, ਸਿੰਗੀ ਅਤੇ ਗਲਾਸ ਲਾਉਣੇ ਭੀ ਗੁਣਕਾਰੀ ਹਨ, ਪਰ ਇਹ ਸਭ ਸਿਆਣੇ ਡਾਕਟਰ ਦੀ ਹੱਥੀਂ ਹੋਣਾ ਚਾਹੀਏ. ਅਞਾਣ ਲੋਕ ਬੇਲੋੜਾ ਲਹੂ ਕੱਢਕੇ ਭਾਰੀ ਨੁਕਸਾਨ ਕਰਦੇ ਹਨ.
Source: Mahankosh