ਜਾਪਾਨ
jaapaana/jāpāna

Definition

ਇੱਕ ਪ੍ਰਸਿੱਧ ਦੇਸ਼, ਜੋ ਸ਼ਾਂਤ ਮਹਾਸਾਗਰ (Pacific Ocean) ਵਿੱਚ ਟਾਪੂਆਂ ਦੀ ਲੜੀ ਪੁਰ ਆਬਾਦ ਹੈ. ਇਸ ਨੂੰ ਜਾਪਾਨੀ "ਨਿੱਪਾਨ" ਆਖਦੇ ਹਨ, ਜਿਸ ਦਾ ਅਰਥ ਪੂਰਬੀ ਧਰਤੀ ਹੈ. ਇਸ ਦੀ ਸਤਹ ਬਹੁਤ ਕਰਕੇ ਪਹਾੜੀ ਹੈ, ਇਸ ਵਿੱਚ ਅਨੇਕਾਂ ਜੁਆਲਾਮੁਖੀ ਪਰਬਤ, ਪ੍ਰਜ੍ਵਲਿਤ ਅਰ ਬੁਝੇ ਹੋਏ ਮੌਜੂਦ ਹਨ. ਉੱਤਰ ਨੂੰ ਛੱਡਕੇ ਹਰ ਪਾਸੇ ਅਕਸਰ ਭੂਚਾਲ ਆਉਂਦੇ ਹਨ. ਰੋਗ ਦੂਰ ਕਰਨ ਵਾਲੇ ਚਸ਼ਮੇ, ਜਿਨ੍ਹਾਂ ਦੇ ਜਲ ਗਰਮ ਅਤੇ ਗੰਧਕ ਆਦਿਕ ਔਖਧਾਂ ਨਾਲ ਮਿਲਿਆ ਹੋਇਆ ਹੈ ਅਣਗਿਣਤ ਹਨ. ਸਾਰੇ ਦੇਸ਼ ਦਾ ਰਕਬਾ ੨੬੦, ੭੩੮ ਵਰਗਮੀਲ ਅਤੇ ਆਬਾਦੀ ੭੭, ੦੦੫, ੫੦੦ ਹੈ.¹ ਦਰਿਆ ਲੰਬਾਈ ਵਿੱਚ ਘੱਟ ਹਨ, ਪਰ ਵੇਗ ਵਿੱਚ ਅਤਿ ਪ੍ਰਬਲ ਹਨ. ਹੁਨ੍ਹਾਲ ਵਿੱਚ ਬਹੁਤਾ ਮੀਂਹ ਅਤੇ ਬਰਫ਼ਾਂ ਦੇ ਪਿਘਲਣ ਦੇ ਕਾਰਣ ਇਨ੍ਹਾਂ ਵਿੱਚ ਹੜ੍ਹ ਆ ਜਾਂਦੇ ਹਨ. ਇਹ (ਦਰਿਆ) ਆਬਪਾਸ਼ੀ ਲਈ ਲਾਭਦਾਇਕ ਹਨ ਪਰ ਜਹਾਜਰਾਨੀ ਲਈ ਉੱਤਮ ਨਹੀਂ. ਆਬੋਹਵਾ ਅਨੇਕ ਪ੍ਰਕਾਰ ਦੀ ਹੈ. ਪ੍ਰਸਿੱਧ ਉੱਤਰੀ ਹਿੱਸਿਆਂ ਵਿੱਚ (ਸਿਆਲ ਵਿੱਚ) ਹਰਾਰਤ ਘੱਟ ਤੋਂ ਘੱਟ ਪੰਜ ਦਰਜੇ (ਫ਼ਾਰਿਨਹਾਈਟ)²ਤਕ ਹੇਠਾਂ ਆ ਜਾਂਦੀ ਹੈ, ਅਰ ਹੁਨ੍ਹਾਲ ਵਿੱਚ ਮਸਾਂ ੮੦ ਤਕ ਚੜ੍ਹਦੀ ਹੈ. ਦੱਖਣ ਵਿੱਚ ੪੨ ਤੋਂ ਹੇਠਾਂ, ਅਰ ੯੮ ਤੋਂ ਉੱਪਰ ਨਹੀਂ ਹੁੰਦੀ. ਬਰਖਾ ਉੱਤਰ ਵਿੱਚ ੪੦ ਇੰਚ ਅਰ ਦੱਖਣ ਵਿੱਚ ੮੦ ਇੰਚ ਤੱਕ ਹੁੰਦੀ ਹੈ, ਪਰ ਕਈ ਥਾਈਂ ੧੫੦ ਇੰਚ ਤੱਕ ਭੀ ਅੱਪੜ ਪੈਂਦੀ ਹੈ.#ਜਾਪਾਨ ਦੀ ਮੁੱਖ ਤਿਜਾਰਤ ਖੇਤੀ, ਰੇਸ਼ਮ, ਜੰਗਲ ਅਤੇ ਮੱਛੀ ਸੰਬੰਧੀ ਹੈ. ਮੁਲਕ ਦਾ ਬਹੁਤ ਹਿੱਸਾ ਐਸਾ ਹੈ ਜਿੱਥੇ ਜ਼ਰਾਇਤ ਨਹੀਂ ਹੁੰਦੀ, ਕਿਉਂਕਿ ਉਨ੍ਹੀਂ ਥਾਈਂ ਲੋੜਵੰਦਾ ਸਾਮਾਨ ਬਹੱਮ ਨਹੀਂ ਪਹੁਚ ਸਕਦਾ.#ਇਸ ਦੇਸ਼ ਵਿੱਚ ਅਨੇਕ ਪ੍ਰਕਾਰ ਦੀਆਂ ਬੇਅੰਤ ਖਾਣਾਂ ਹਨ, ਜਿਨ੍ਹਾਂ ਤੋਂ ਅਪਾਰ ਲਾਭ ਹੋ ਰਿਹਾ ਹੈ. ਜਾਪਾਨ ਵਿੱਚ ਮਜ਼ਦੂਰੀ ਬਹੁਤ ਸਸਤੀ ਹੈ, ਜਿਸ ਕਰਕੇ ਕਾਰਖ਼ਾਨੇ ਛੇਤੀ ਕਾਮਯਾਬ ਹੁੰਦੇ ਹਨ, ਊਂਨੀ, ਸੂਤੀ, ਅਤੇ ਰੇਸ਼ਮੀ ਬਜਾਜੀ, ਰੌਗ਼ਨੀ ਲੱਕੜ ਅਰ ਲੋਹੇ ਦਾ ਕੰਮ, ਸੀਤਲਪਾਟੀ ਦੀਆਂ ਚਿਕਾਂ, ਚਟਾਈਆਂ ਅਤੇ ਪਰਦੇ, ਦਰੀਆਂ, ਗਲੀਚੇ, ਚੀਨੀ ਭਾਂਡੇ, ਬਾਂਸ ਅਤੇ ਬੈਤ ਦੇ ਸਾਮਾਨ, ਦੀਵਾਸਲਾਈਆਂ, ਕੱਚ, ਛਤਰੀਆਂ, ਪੱਖੇ, ਲੋਹੇ ਅਤੇ ਫੁਲਾਦ ਦੀਆਂ ਚੀਜ਼ਾਂ, ਅਤੇ ਖਿਡਾਉਣੇ ਜਾਪਾਨੀ ਬਣਾਉਂਦੇ ਅਰ ਪਰਦੇਸਾਂ ਵਿੱਚ ਘੱਲਦੇ ਹਨ.#ਜਾਪਾਨੀ ਮੰਗੋਲ ਜਾਤਿ ਵਿੱਚੋਂ ਹਨ. ਇਹ ਵਡੇ ਪ੍ਰਸੰਨਚਿੱਤ ਅਤੇ ਵਿਚਾਰਸ਼ੀਲ ਹਨ. ਇਨ੍ਹਾਂ ਵਿੱਚ ਸਹਨਸ਼ਕਤਿ ਕਮਾਲ ਦੀ ਹੈ, ਅਰ ਫ਼ਜ਼ੂਲਖ਼ਰਚੀ ਘੱਟ ਹੈ. ਸਭ੍ਯਤਾ ਦੇ ਨਿਯਮ ਪਾਲਣ ਵਿੱਚ ਵਡੇ ਪੱਕੇ ਹਨ. ਟੱਬਰਾਂ ਵਿੱਚ ਪੰਜਾਂ (ਮਨੁਖਾਂ) ਦਾ ਹੋਣਾ ਸਾਧਾਰਣ ਤੋਂ ਵੱਧ ਸਮਝਿਆ ਜਾਂਦਾ ਹੈ. ਜਾਪਾਨੀਆਂ ਦਾ ਪੂਰਾ ਕੱਦ, ਆਰਯ ਜਾਤੀਆਂ ਦੇ ਲੋਕਾਂ ਤੋਂ ਵਰ੍ਹਿਆਂ ਵਿੱਚ ਪਹਿਲਾਂ ਹੁੰਦਾ ਹੈ. ਆਦਮੀਆਂ ਦੀ ਸਾਧਾਰਣ ਲੰਬਾਈ ਪੰਜ ਫੁਟ ਤੋਂ ਇੱਕ ਯਾ ਦੋ ਇੰਚ ਉੱਪਰ ਹੁੰਦੀ ਹੈ. ਤੀਵੀਂਆਂ ਅਕਸਰ ੪. ਫੁਟ ਅੱਠ ਇੰਚ ਲੰਮੀਆਂ ਹੁੰਦੀਆਂ ਹਨ. ਤੀਵੀਆਂ ਦੀ ਕਾਠੀ (ਸ਼ਾਰੀਰਿਕ ਰਚਨਾ) ਕਮਜ਼ੋਰ ਹੁੰਦੀ ਹੈ.#ਜਾਪਾਨ ਵਿੱਚ ਘਰ ਨੀਵੇਂ ਹੁੰਦੇ ਹਨ, ਦੋ ਮੰਜ਼ਿਲਾਂ ਤੋਂ ਜਾਦਾ ਨਹੀਂ. ਕੁਰਸੀਆਂ ਮੇਜ਼ ਆਦਿਕ ਘੱਟ ਵਰਤਦੇ ਹਨ. ਭੁੰਜੇ ਹੀ ਤਸ਼ਤਰੀਆਂ ਵਿੱਚ ਖਾਣਾ ਖਾਂਦੇ ਹਨ. ਬਹੁਤ ਕਰਕੇ ਚਾਉਲ ਖਾਂਦੇ ਅਰ ਚਾਹ ਪੀਂਦੇ ਹਨ. ਸ਼ਾਰੀਰਿਕ ਨਿਰਮਲਤਾ ਵਿੱਚ ਜਾਪਾਨੀ, ਪ੍ਰਾਚੀਨ ਮਿਸਰੀਆਂ ਵਾਂਙ ਅਤਿ ਨਿਯਮਨਿਸ੍ਠ ਹਨ. ਖੁਲ੍ਹੀ ਹਵਾ ਵਿੱਚ ਬਾਹਰ ਉਬਲਦੇ ਹੋਏ ਜਲ ਦੇ ਖੁਲ੍ਹੇ ਗੁਸਲਖਾਨੇ ਹਨ, ਜਿੱਥੇ ਹਰ ਕੋਈ ਸਭ ਦੇ ਸਾਮ੍ਹਣੇ ਨ੍ਹਾਉਂਦਾ ਹੈ. ਇਹ ਵਿਸ਼ੇਸ ਰਸਮ ਹੀ ਭਾਵੇਂ ਤੁਚਾ ਦੇ ਰੋਗਾਂ ਦਾ ਕਾਰਣ ਹੋਵੇ ਜੋ ਜਾਪਾਨ ਵਿੱਚ ਜਾਦਾ ਹਨ. ਹੋਰ ਰੋਗ ਦਿਲ ਦੀ ਬੀਮਾਰੀ, ਬਦਹਜ਼ਮੀ, ਕੋੜ੍ਹ ਅਤੇ ਫੀਲਪਾਦ ਹਨ. ਖੇਲਾਂ ਅਤੇ ਵਰਜ਼ਿਸ਼ ਲਈ ਕੁਸ਼ਤੀ, ਜਾਦੂਗਰੀ ਅਤੇ ਕੁੱਦ ਭੱਜ ਦਾ ਰਿਵਾਜ ਹੈ. ਪਰ ਸਭ ਤੋਂ ਵਿਲਕ੍ਸ਼੍‍ਣ 'ਜੂ ਜਿਟਸੂ' (ਇੱਕ ਪ੍ਰਕਾਰ ਦੀ ਐਸੀ ਦਾਉਪੇਚ ਵਾਲੀ ਕੁਸ਼ਤੀ, ਜਿਸ ਵਿੱਚ ਵਿਰੋਧੀ ਦਾ ਸਾਰਾ ਤ੍ਰਾਣ ਤੇ ਜੋਰ ਆਪਣੇ ਹੀ ਘਾਤ ਲਈ ਖਰਚ ਹੋਵੇ) ਹੈ, ਜੋ ਮਸੀਹ ਦੇ ਜਨਮ ਤੋਂ ਭੀ ੨੫ ਸਾਲ ਪਹਿਲਾਂ ਆਰੰਭ ਹੋਈ ਦਸਦੇ ਹਨ.#ਤਾਲੀਮ, ਛੇ ਤੋਂ ਚੌਦਾਂ ਬਰਸ ਦੇ ਦਰਮਿਆਂਨ ਬੱਚਿਆਂ ਲਈ, ਆਵਸ਼੍ਯਕ ਹੈ. ਮੁੱਢਲੇ ਮਦਰਸਿਆਂ ਦੀ ਸੰਖਯਾ ਕਰੀਬਨ ਛੱਬੀ ਹਜ਼ਾਰ ਹੈ. ਹੁਨਰੀ ਮਦਰਸੇ ਸੱਤ ਹਜ਼ਾਰ ਛੇ ਸੌ ਹਨ. ਕਿੰਡਰਗਾਰਟਨ³ ਦੇ ਮਦਰਸੇ ਸੱਤ ਹਜ਼ਾਰ ਛੇ ਸੌ ਪੈਂਤੀ ਹਨ. ਮਿਡਲ ਸਕੂਲ ਤਿੰਨ ਸੋ ਵੀਹ ਹਨ. ਮੁੱਢਲੇ ਮਦਰਸਿਆਂ ਵਿੱਚ ਸਦਾਚਾਰ, ਜਾਪਾਨੀ ਭਾਸਾ, ਗਣਿਤ, ਭੂਗੋਲਵਿਦ੍ਯਾ, ਅਤੇ ਇਤਿਹਾਸ ਆਦਿਕ ਪੜ੍ਹਾਉਂਦੇ, ਅਰ ਵਰਜ਼ਸ਼ ਸਿਖਾਉਂਦੇ ਹਨ. ਉੱਚ ਮਦਰਸਿਆਂ ਦੀ ਪੜ੍ਹਾਈ ਵਿੱਚ ਉਪਰਲੇ ਮਜ਼ਮੂਨਾਂ ਤੋਂ ਛੁੱਟ, ਚੀਨੀ ਭਾਸਾ, ਅੰਗ੍ਰੇਜ਼ੀ, ਫਰਾਂਸੀਸੀ, ਜਰਮਨ, ਰੇਖਾਗਣਿਤ, ਪਦਾਰਥਵਿਦ੍ਯਾ, ਅਤੇ ਰਾਜਨੀਤੀ ਆਦਿਕ ਵਿਸੇ ਸ਼ਾਮਿਲ ਹਨ. ਕੁੜੀਆਂ ਲਈ ਸੌ ਤੋਂ ਉੱਪਰ ਉੱਚ (ਹਾਈ) ਸਕੂਲ ਹਨ. ਰਾਜਧਾਨੀ (ਟੋਕੀਓ) ਵਿੱਚ ਕੁੜੀਆਂ ਲਈ ਇੱਕ ਮਹਾਵਿਦ੍ਯਾਲਯ ਭੀ ਹੈ, ਜਿਸ ਵਿੱਚ ਉਸਤਾਨੀਆਂ ਤਿਆਰ ਹੁੰਦੀਆਂ ਹਨ. ਟੋਕੀਓ ਵਿੱਚ ਤੀਮੀਆਂ ਦਾ ਇੱਕ ਹੋਰ ਮਹਾਵਿਦ੍ਯਾਲਯ ਹੈ, ਜਿਸ ਨੂੰ "ਨਾਰੀ ਵਿਸ਼੍ਵਵਿਦ੍ਯਾਲਯ" ਆਖਦੇ ਹਨ. ਟੋਕੀਓ, ਕਿਓਟੋ, ਟੋਹੋਕੂ, ਹੱਕੇਡੋ, ਅਰ ਕਿਧੂਸ਼ੀਓ ਵਿੱਚ ਸਭ ਤੋਂ ਵਡੇ ਅਰ ਰਾਜਰਕ੍ਸ਼ਿਤ ਵਿਸ਼੍ਵਵਿਦ੍ਯਾਲਯ ਹਨ.#ਜਾਪਾਨ ਦਾ ਸਰਕਾਰੀ ਮਤ ਕੋਈ ਨਹੀਂ, ਸਭ ਧਰਮਾਂ ਨੂੰ ਸਮਦ੍ਰਿਸ੍ਟਿ ਨਾਲ ਵੇਖਿਆ ਜਾਂਦਾ ਹੈ. ਸ਼ਿੰਟੋ ਧਰਮ ਅਤੇ ਬੁੱਧਮਤ ਦੀ ਅਧਿਕਤਾ ਹੈ. ਇਨ੍ਹਾਂ ਦੋਹਾਂ ਦੀਆਂ ਬਾਰਾਂ ਬਾਰਾਂ ਸੰਪ੍ਰਦਾਵਾਂ ਹਨ. ਦੇਸ਼ ਦਾ ਪ੍ਰਾਚੀਨ ਮਤ ਸ਼ਿੰਟੋ ਹੈ, ਬੁੱਧਮਤ ਸਨ ੫੫੨ ਈਸਵੀ ਵਿੱਚ ਕੋਰੀਆ ਤੋਂ ਆਇਆ ਹੈ. ਧਾਰਮਿਕ ਉਤਸਵ ਮਨਾਉਣ ਵਿੱਚ ਜਾਪਾਨੀਆਂ ਦੀ ਪ੍ਰਸਿੱਧ ਵਿਸ਼ੇਸਤਾ ਹੈ.#ਸ਼ਿੰਟੋਮੰਦਿਰ ਗਿਣਤੀ ਵਿੱਚ ਕਾਫ਼ੀ ਹਨ, ਪਰ ਸਾੱਦਾ ਹਨ. ਬੌੱਧਮੰਦਿਰਾਂ ਦੀਆਂ ਇਮਾਰਤਾਂ ਅਤਿ ਸੁੰਦਰ ਤੇ ਵਿਸ਼ਾਲ ਹਨ. ਬੌੱਧ ਰੀਤੀਆਂ ਭੀ ਸ਼ਿੰਟੋਰੀਤੀਆਂ ਤੋਂ ਅਧਿਕ ਸ਼ੋਭਨੀਕ ਹਨ. ਵਡੇ ਲੋਕਾਂ ਵਿੱਚ ਅਨੇਕਾਂ ਹੀ ਕਨਫੂਸੀਮਤ (Confucianism) ਦੇ ਅਨੁਯਾਯੀ ਭੀ ਹਨ.
Source: Mahankosh