ਜੋਗਾ ਸਿੰਘ
jogaa singha/jogā singha

Definition

ਪੇਸ਼ਾਵਰ ਦੇ ਆਸੀਆ ਮਹੱਲੇ ਵਿੱਚ ਰਹਿਣ ਵਾਲੇ ਭਾਈ ਗੁਰਮੁਖ ਦਾ ਸੁਪੁਤ੍ਰ ਜੋਗਾ, ਜਿਸ ਨੇ ਕਲਗੀਧਰ ਤੋਂ ਅਮ੍ਰਿਤ ਛਕਕੇ ਸਿੰਘ ਪਦਵੀ ਧਾਰਨ ਕੀਤੀ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਜੋਗਾਸਿੰਘ ਨੂੰ ਸੁਪਾਤ੍ਰ ਜਾਣਕੇ ਹਰ ਵੇਲੇ ਆਪਣੀ ਹਜੂਰੀ ਵਿੱਚ ਰਖਦੇ ਅਤੇ ਅਪਾਰ ਕ੍ਰਿਪਾ ਕਰਦੇ ਸਨ. ਇੱਕ ਵੇਰ ਭਾਈ ਗੁਰਮੁਖ ਨੇ ਅਰਦਾਸ ਕੀਤੀ ਕਿ ਜੋਗਾ ਸਿੰਘ ਦੀ ਸ਼ਾਦੀ ਹੋਣ ਵਾਲੀ ਹੈ, ਇਸ ਨੂੰ ਆਗ੍ਯਾ ਮਿਲੇ ਕਿ ਪੇਸ਼ਾਵਰ ਜਾਕੇ ਸ਼ਾਦੀ ਕਰਵਾ ਆਵੇ. ਦਸ਼ਮੇਸ਼ ਨੇ ਸ਼ਾਦੀ ਲਈ ਜੋਗਾਸਿੰਘ ਨੂੰ ਛੁੱਟੀ ਦਿੱਤੀ, ਪਰ ਉਸ ਦੀ ਪਰੀਖ੍ਯਾ ਲਈ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਘੱਲਿਆ ਕਿ ਜਦ ਜੋਗਾ ਸਿੰਘ ਇੱਕ ਲਾਂਵ (ਫੇਰਾ) ਲੈ ਚੁੱਕੇ, ਤਦ ਹੁਕਮਨਾਮਾ ਉਸਦੇ ਹੱਥ ਦੇਣਾ. ਸਿੱਖ ਨੇ ਅਜਿਹਾ ਹੀ ਕੀਤਾ. ਹੁਕਮਨਾਮੇ ਵਿੱਚ ਹੁਕਮ ਸੀ ਕਿ ਇਸ ਨੂੰ ਵੇਖਦੇ ਹੀ ਆਨੰਦਪੁਰ ਵੱਲ ਤੁਰ ਪਓ. ਸੋ ਜੋਗਾਸਿੰਘ ਤਿੰਨ ਲਾਂਵਾਂ ਵਿੱਚੇ ਛੱਡਕੇ ਘਰੋਂ ਤੁਰ ਪਿਆ, ਬਾਕੀ ਤਿੰਨ ਲਾਂਵਾਂ ਉਸ ਦੇ ਕਮਰਬੰਦ ਨਾਲ ਦੇਕੇ ਵਿਆਹ ਪੂਰਾ ਕੀਤਾ ਗਿਆ.#ਰਸਤੇ ਵਿੱਚ ਭਾਈ ਜੋਗਾਸਿੰਘ ਦੇ ਮਨ ਸੰਕਲਪ ਫੁਰਿਆ ਕਿ ਸਤਿਗੁਰੂ ਦੀ ਆਗਯਾ ਮੰਨਣ ਵਾਲਾ ਮੇਰੇ ਜੇਹਾ ਕੋਈ ਵਿਰਲਾ ਹੀ ਸਿੱਖ ਹੋਵੇਗਾ. ਜਦ ਭਾਈ ਜੋਗਾਸਿੰਘ ਹੁਸ਼ਿਆਰਪੁਰ ਪੁੱਜਾ, ਤਾਂ ਇੱਕ ਵੇਸ਼੍ਯਾ ਦਾ ਸੁੰਦਰ ਰੂਪ ਵੇਖਕੇ ਕਾਮ ਨਾਲ ਵ੍ਯਾਕੁਲ ਹੋਗਿਆ ਅਤੇ ਸਿੱਖਧਰਮ ਵਿਰੁੱਧ ਕੁਕਰਮ ਕਰਨ ਲਈ ਪੱਕਾ ਸੰਕਲਪ ਕਰਕੇ ਵੇਸ਼੍ਯਾ ਦੇ ਮਕਾਨ ਤੇ ਪੁੱਜਾ. ਕਲਗੀਧਰ ਨੇ ਆਪਣੇ ਅਨੰਨ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰਕੇ ਸਾਰੀ ਰਾਤ ਵੇਸ਼੍ਯਾ ਦੇ ਮਕਾਨ ਤੇ ਪਹਿਰਾ ਦਿੱਤਾ. ਜਦ ਤਿੰਨ ਚਾਰ ਵਾਰ ਭਾਈ ਜੋਗਾਸਿੰਘ ਨੇ ਚੋਬਦਾਰ ਨੂੰ ਉੱਥੇ ਹੀ ਖੜਾ ਡਿੱਠਾ, ਤਾਂ ਮਨ ਨੂੰ ਧਿੱਕਾਰਦਾ ਹੋਇਆ ਆਨੰਦਪੁਰ ਦੇ ਰਾਹ ਪਿਆ ਅਤੇ ਸਤਿਗੁਰੂ ਦੇ ਦਰਬਾਰ ਵਿੱਚ ਪਹੁਚਕੇ ਅਪਰਾਧ ਬਖ਼ਸ਼ਵਾਇਆ.#ਭਾਈ ਜੋਗਾਸਿੰਘ ਦੀ ਧਰਮਸ਼ਾਲਾ ਪੇਸ਼ਾਵਰ ਵਿੱਚ ਬਹੁਤ ਮਸ਼ਹੂਰ ਥਾਂ ਹੈ. ਉਥੋਂ ਦੇ ਬਹੁਤ ਲੋਕ ਭਾਈ ਸਾਹਿਬ ਨੂੰ ਜੋਗਨਸ਼ਾਹ ਭੀ ਆਖਦੇ ਹਨ.#ਜੋਗਾਸਿੰਘ ਲਖੀ ਗਤਿ ਸੋਏ।#ਮਮਹਿਤ ਚੋਬਦਾਰ ਗੁਰੁ ਹੋਏ।#ਸਮਝ ਵਾਰਤਾ ਚਰਨੀ ਪਰ੍ਯੋ।#ਧੰਨ ਪ੍ਰਭੂ ਦੇ ਹਾਥ ਉਬਰ੍ਯੋ।#ਆਪ ਸਮਾਨ ਨ ਅਪਰ ਕ੍ਰਿਪਾਲਾ।#ਸਦਾ ਦਾਸ ਕੇ ਬਨ ਰਖਵਾਲਾ।#ਤਜਹੁਁ ਜਿਠਾਈ ਸਿਖ ਕੇ ਕਾਰਨ।#ਜ੍ਯੋਂ ਕ੍ਯੋਂ ਕਰਹੋਂ ਦਾਸ ਉਧਾਰਨ (ਗੁਪ੍ਰਸੂ)
Source: Mahankosh