ਜੰਡਸਾਹਿਬ
jandasaahiba/jandasāhiba

Definition

ਉਹ ਜੰਡ ਦਾ ਦਰਖ਼ਤ, ਜਿਸ ਹੇਠ ਦਸ ਸਤਿਗੁਰਾਂ ਵਿੱਚੋਂ ਕੋਈ ਵਿਰਾਜਿਆ ਹੈ. ਇਤਿਹਾਸ ਵਿੱਚ ਅਨੇਕ ਜੰਡ ਹਨ, ਜਿਨ੍ਹਾਂ ਵਿੱਚੋਂ ਕੁਝਕ ਇਹ ਹਨ:-#੧. ਰਾਜ ਨਾਭਾ, ਨਜਾਮਤ ਫੂਲ, ਪਿੰਡ ਗੁੰਮਟੀ ਤੋਂ ਵਾਯਵੀ ਕੋਣ ਦੋ ਮੀਲ ਤੇ ਉਹ ਜੰਡ, ਜਿਸ ਪੁਰ ਤੁਕਲਾਣੀ ਨਿਵਾਸੀ ਭਾਈ ਰੂਪੇ ਨੇ ਪਾਣੀ ਦਾ ਕੂਨ੍ਹਾ ਲਟਕਾਇਆ ਸੀ, ਅਤੇ ਪ੍ਰੇਮ ਦੀ ਖਿੱਚ ਨਾਲ ਦੁਪਹਿਰ ਵੇਲੇ ਡਰੋਲੀ ਤੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੱਦਕੇ ਜੰਡ ਹੇਠ ਬੈਠਾਕੇ ਠੰਢਾ ਜਲ ਛਕਾਇਆ ਸੀ. ਇਸ ਥਾਂ ਮਹਾਰਾਜਾ ਹੀਰਾ ਸਿੰਘ ਜੀ ਨੇ ਗੁਰਦ੍ਵਾਰਾ ਬਣਵਾਇਆ ਹੈ, ਸਤਵੰਜਾ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਮੁਆ਼ਫ਼ ਹੈ।#੨. ਜਿਲਾ ਅੰਬਾਲਾ, ਥਾਣਾ ਮੋਰੰਡਾ, ਚਮਕੌਰ ਤੋਂ ਤਿੰਨ ਕੋਹ ਵਾਯਵੀ ਕੋਣ ਇੱਕ ਜੰਡ, ਜਿਸ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਤੋਂ ਨਿਕਲਕੇ ਕੁਝ ਸਮਾਂ ਠਹਿਰੇ ਹਨ. ਸਾਧਾਰਣ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ੮੨੭ ਵਿੱਘੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੁਰਦ੍ਵਾਰੇ ਨਾਲ ਹੈ. ਇਸ ਪਾਸ ਵਸੇ ਪਿੰਡ ਦਾ ਨਾਮ ਭੀ ਜੰਡ ਸਾਹਿਬ ਹੋ ਗਿਆ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਬਾਈ ਮੀਲ ਪੂਰਵ ਹੈ।#੩. ਜਿਲਾ ਹੁਸ਼ਿਆਰਪੁਰ, ਪਿੰਡ ਲਹਿਲੀ ਕਲਾਂ ਤੋਂ ਪੂਰਵ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ. ਇੱਥੇ ਇੱਕ ਜੰਡ ਨਾਲ ਘੋੜਾ ਬੱਧਾ ਹੈ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਇਸ ਨਾਲ ਕੇਵਲ ੨੭ ਕਨਾਲ ਜ਼ਮੀਨ ਹੈ. ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਅੱਠ ਮੀਲ ਦੱਖਣ ਹੈ।#੪. ਜਿਲਾ ਫ਼ਿਰੋਜ਼ਪੁਰ, ਤਸੀਲ ਮੁਕਤਸਰ, ਥਾਣ ਕੋਟਭਾਈ, ਪਿੰਡ ਥੇਹੜੀ ਤੋਂ ਇੱਕ ਫਰਲਾਂਗ ਪੂਰਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਦਸ਼ਮੇਸ਼ ਨੇ ਜਿਨ੍ਹਾਂ ਜੰਡਾਂ ਨਾਲ ਸ਼ਸਤ੍ਰ ਵਸਤ੍ਰ ਝੁਲਾਏ ਹਨ ਉਹ ਤਿੰਨ ਮੌਜੂਦ ਹਨ. ਇਨ੍ਹਾਂ ਦੇ ਵਿਚਕਾਰ ਮੰਜੀਸਾਹਿਬ ਹੈ. ਪਾਸ ਸੁੰਦਰ ਗੁਰਦ੍ਵਾਰਾ ਹੈ. ਇਸ ਥਾਂ ਬਾਲਕਨਾਥ ਯੋਗੀ ਨੇ ਗੁਰੂ ਸਾਹਿਬ ਦਾ ਉਪਦੇਸ਼ ਲੈਕੇ ਮਨ ਸ਼ਾਂਤ ਕੀਤਾ. ਇਹ ਅਸਥਾਨ ਰੇਲਵੇ ਸਟੇਸ਼ਨ ਫਕਰਸਰ ਤੋਂ ਇੱਕ ਮੀਲ ਉੱਤਰ ਹੈ.#੫. ਰਿਆਸਤ ਫਰੀਦਕੋਟ ਪਿੰਡ ਦੇ ਹਰੀਵਾਲਾ ਕਲਾਂ ਤੋਂ ਇੱਕ ਮੀਲ ਦੱਖਣ ਗੁਰੂ ਗੋਬਿੰਦ ਸਿੰਘ ਸ੍ਵਾਮੀ ਦਾ ਗੁਰਦ੍ਵਾਰਾ ਹੈ. ਇੱਥੇ ਜੰਡ ਹੇਠ ਸਤਿਗੁਰੂ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਗਹਿਣੇ (ਗਿਰੋ) ਲਈ ਹੋਈ ਹੈ. ਰੇਲਵੇ ਸਟੇਸ਼ਨ ਫਰੀਦਕੋਟ ਤੋਂ ਦਸ ਮੀਲ ਪੱਛਮ ਹੈ.
Source: Mahankosh