Definition
ਰਿਆਸਤ ਕਪੂਰਥਲਾ, ਤਸੀਲ ਥਾਣਾ ਸੁਲਤਾਨਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਲੋਹੀਆਂ ਤੋਂ ਤਿੰਨ ਮੀਲ ਪੂਰਵ ਹੈ. ਭਾਈ ਲਾਲੋ, ਭਾਈ ਪਾਰੋ ਆਦਿਕ ਇਸ ਥਾਂ ਮਸ਼ਹੂਰ ਸਿੱਖ ਹੋਏ ਹਨ. ਭਾਈ ਗੁਰਦਾਸ ਜੀ ਲਿਖਦੇ ਹਨ- "ਡੱਲੇ ਵਾਲੀ ਸੰਗਤ ਭਾਰੀ." ਇਸੇ ਥਾਂ ਨਾਰਾਯਣਦਾਸ ਦੀ ਸੁਪੁਤ੍ਰੀ ਸ੍ਰੀ ਮਤੀ ਦਮੋਦਰੀ ਜੀ ਨਾਲ ੨੨ ਭਾਦੋਂ ਸੰਮਤ ੧੬੬੧ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਹੋਇਆ ਸੀ. ਵਿਆਹ ਦੇ ਥਾਂ ਦਮਦਮਾ ਬਣਿਆ ਹੋਇਆ ਹੈ, ਪਰ ਸੇਵਾਦਾਰ ਕੋਈ ਨਹੀਂ।#ਗੁਰੂ ਅਰਜਨ ਸਾਹਿਬ ਨੇ ਆਪਣੇ ਸੁਪੁਤ੍ਰ ਦੇ ਆਨੰਦ ਦੀ ਯਾਦਗਾਰ ਵਿੱਚ ਜੋ ਇੱਥੇ ਬਾਵਲੀ ਲਵਾਈ ਹੈ, ਉਹ ਪਿੰਡ ਤੋਂ ਚੜ੍ਹਦੇ ਵੱਲ ਪਾਸ ਹੀ ਹੈ. ਇਸ ਨਾਲ ੧੫. ਘੁਮਾਉਂ ਜ਼ਮੀਨ ਰਿਆਸਤ ਕਪੂਰਥਲੇ ਤੋਂ ਹੈ. ਡੱਲੇ ਵਿੱਚ ਭਾਈ ਲਾਲੋ ਜੀ ਦਾ ਅਸਥਾਨ ਭੀ ਪ੍ਰਸਿੱਧ ਹੈ, ਜਿਸ ਨਾਲ ੪੨ ਘੁਮਾਉਂ ਜ਼ਮੀਨ ਮੁਆ਼ਫ਼ ਹੈ।#੨. ਸਾਬੋ ਦੀ ਤਲਵੰਡੀ ਦਾ ਜੱਟ ਸਰਦਾਰ, ਜਿਸ ਨੇ ਸੰਮਤ ੧੭੬੨- ੬੩ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰੇਮ ਨਾਲ ਆਪਣੇ ਪਿੰਡ ਠਹਿਰਾਇਆ ਅਤੇ ਪੂਰੀ ਸੇਵਾ ਕੀਤੀ. ਜਿੱਥੇ ਦਸ਼ਮੇਸ਼ ਵਿਰਾਜੇ ਹਨ ਉਸ ਗੁਰਦ੍ਵਾਰੇ ਦਾ ਨਾਮ 'ਦਮਦਮਾ ਸਾਹਿਬ' ਹੈ.#ਡੱਲੇ ਨੂੰ ਸੰਬੋਧਨ ਕਰਕੇ ਕਲਗੀਧਰ ਨੇ ਮਾਲਵੇ ਨੂੰ ਵਰਦਾਨ ਦਿੱਤਾ ਸੀ ਕਿ ਇਸ ਭੂਮਿ ਵਿੱਚ ਨਹਿਰਾਂ ਚੱਲਣਗੀਆਂ, ਅੰਬ ਲੱਗਣਗੇ, ਕਣਕ ਪੈਦਾ ਹੋਵੇਗੀ ਆਦਿਕ. ਇਸ ਅਨੰਨ ਸੇਵਕ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਅਤੇ ਡੱਲਾ ਸਿੰਘ ਪ੍ਰਸਿੱਧ ਹੋਇਆ. ਦੇਖੋ, ਦਮਦਮਾ ਸਾਹਿਬ ਨੰਬਰ ੧.
Source: Mahankosh