ਢਿਲਵਾਂ ਕਲਾਂ
ddhilavaan kalaan/ḍhilavān kalān

Definition

ਇਹ ਪਿੰਡ ਰਿਆਸਤ ਫਰੀਦਕੋਟ, ਤਸੀਲ ਥਾਣਾ ਕੋਟਕਪੂਰਾ, ਰੇਲਵੇ ਸਟੇਸ਼ਨ ਕੋਟਕਪੂਰਾ ਤੋਂ ਦੋ ਮੀਲ ਅਗਨਿ ਕੋਣ ਹੈ. ਇਸ ਤੋਂ ਇੱਕ ਫਰਲਾਂਗ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਕਲਗੀਧਰ ਸੋਢੀਸਾਹਿਬ ਕੌਲ ਜੀ ਦੇ ਘਰ ਵਿਰਾਜੇ ਹਨ. ਕੌਲ ਜੀ ਦੀ ਬੇਨਤੀ ਮੰਨਕੇ ਮਾਛੀਵਾੜੇ ਵਾਲਾ ਨੀਲਾ ਬਾਣਾਂ ਉਤਾਰਕੇ ਚਿੱਟੇ ਵਸਤ੍ਰ ਧਾਰਨ ਕੀਤੇ. ਗੁਰੂ ਸਾਹਿਬ ਨੇ ਨੀਲੀ ਚਾਦਰ ਅੱਗ ਵਿੱਚ ਸਾੜਨ ਸਮੇਂ ਬਚਨ ਕੀਤਾ-#"ਨੀਲ ਵਸਤ੍ਰ ਲੇ ਕਪਰੇ ਫਾਰੇ#ਤੁਰਕ ਪਠਾਣੀ ਅਮਲ ਗਇਆ."ਗੁਰੂ ਸਾਹਿਬ ਦਾ ਨੀਲਾ ਚੋਲਾ ਹੁਣ ਸੋਢੀ ਕੌਲ ਜੀ ਦੀ ਵੰਸ਼ ਦੇ ਸੋਢੀ ਮੱਲ ਸਿੰਘ ਪਾਸ ਹੈ. ਦਰਬਾਰ ਬਣਿਆ ਹੋਇਆ ਹੈ. ਇਸ ਨੂੰ 'ਗੁਰੂਸਰ' ਭੀ ਆਖਦੇ ਹਨ. ਵੈਸਾਖੀ ਨੂੰ ਮੇਲਾ ਹੁੰਦਾ ਹੈ.
Source: Mahankosh