Definition
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ.; ਦੇਖੋ, ਤੀਰਥ। ੨. ਸੰ. तीर्णार्थिन- ਤੀਰਣਾਰ੍ਥੀ. ਵਿ- ਤਰਣ ਦੀ ਇੱਛਾ ਵਾਲਾ. "ਆਪੇ ਤੀਰਥੁ ਤੁਲਹਾ ਪਿਆਰਾ, ਆਪਿ ਤਰੇ ਪ੍ਰਭੁ ਆਪੇ." (ਸੋਰ ਮਃ ੪)
Source: Mahankosh