ਤ੍ਰਿਸ਼ੰਕੂ
trishankoo/trishankū

Definition

ਸੰ. त्रिशङकु. ਰਾਮਾਇਣ ਅਨੁਸਾਰ ਇੱਕ ਸੂਰਯਵੰਸ਼ੀ ਰਾਜਾ, ਜਿਸ ਨੇ ਸ਼ਰੀਰ ਸਹਿਤ ਸੁਰਗ ਜਾਣ ਵਾਸਤੇ ਵਸਿਸ੍ਠ ਤੋਂ ਯੱਗ ਕਰਾਉਣਾ ਚਾਹਿਆ, ਪਰ ਵਸਿਸ੍ਠ ਨੇ ਉਸ ਦੀ ਗੱਲ ਨਾ ਮੰਨੀ. ਵਿਸ਼੍ਵਾਮਿਤ੍ਰ ਨੇ ਤ੍ਰਿਸ਼ੰਕੁ ਨੂੰ ਸੁਰਗ ਭੇਜਣ ਵਾਸਤੇ ਯੱਗ ਕੀਤਾ ਅਰ ਦੇਹ ਸਮੇਤ ਸੁਰਗ ਪੁਚਾਇਆ. ਜਦ ਸੁਰਗ ਦੇ ਨੇੜੇ ਗਿਆ, ਤਦ ਇੰਦ੍ਰ ਨੇ ਹੇਠਾਂ ਮੋੜ ਦਿੱਤਾ. ਤ੍ਰਿਸ਼ੰਕੁ ਦੁਖੀ ਹੋਕੇ ਪੁਕਾਰਿਆ. ਵਿਸ਼੍ਵਾਮਿਤ੍ਰ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਤ੍ਰਿਸ਼ੰਕੁ ਨੂੰ ਉਸੇ ਥਾਂ ਠਹਿਰਾ ਦਿੱਤਾ, ਜੋ ਹੁਣ ਤੀਕ ਮੂਧੇ ਮੂੰਹ ਲਟਕ ਰਿਹਾ ਹੈ।#੨. ਹਰਿਵੰਸ਼ ਅਨੁਸਾਰ ਤ੍ਰਯਾਰੁਣ ਦਾ ਪੁਤ੍ਰ ਸਤ੍ਯਵ੍ਰਤ, ਜਿਸ ਨੇ ਪਰਾਈ ਇਸਤ੍ਰੀ ਘਰ ਪਾ ਲਈ ਸੀ. ਪਿਤਾ ਨੇ ਉਸ ਦਾ ਕੁਕਰਮ ਦੇਖਕੇ ਸ੍ਰਾਪ ਦਿੱਤਾ ਕਿ ਤੂੰ ਚੰਡਾਲ ਹੋਜਾ. ਇਸ ਪੁਰ ਸਤ੍ਯਵ੍ਰਤ ਚੰਡਾਲਾਂ ਨਾਲ ਰਹਿਣ ਲੱਗਾ. ਇੱਕ ਵਾਰ ਸਤ੍ਯਵ੍ਰਤ ਨੇ ਵਸਿਸ੍ਠ ਦੀ ਗਊ ਮਾਰਕੇ ਉਸ ਦੇ ਪੁਤ੍ਰਾਂ ਨੂੰ ਖਵਾਈ ਅਤੇ ਆਪ ਭੀ ਖਾਧੀ. ਇਸ ਪੁਰ ਵਸਿਸ੍ਠ ਨੇ ਆਖਿਆ ਕਿ ਪਹਿਲਾਂ ਤੈਂ ਆਪਣਾ ਬਾਪ ਨਾਰਾਜ ਕੀਤਾ, ਦੂਜੇ ਮੇਰੀ ਗਾਂ ਮਾਰ ਦਿੱਤੀ, ਤੀਜੇ ਉਸ ਦਾ ਮਾਸ ਮੇਰੇ ਪੁਤ੍ਰਾਂ ਨੂੰ ਖਵਾਇਆ ਅਤੇ ਆਪ ਖਾਧਾ. ਇਨ੍ਹਾਂ ਤੇਹਾਂ ਸ਼ੰਕਾਯੋਗ੍ਯ ਕਰਮ ਕਰਨ ਤੋਂ ਤੇਰਾ ਨਾਮ ਤ੍ਰਿਸ਼ੰਕੁ ਹੋਇਆ. ਵਿਸ਼੍ਵਾਮਿਤ੍ਰ ਅਤੇ ਉਸ ਦੀ ਇਸਤ੍ਰੀ ਦੀ ਇੱਕ ਭਾਰੀ ਦੁਰਭਿੱਖ ਵਿੱਚ ਸਤ੍ਯਵ੍ਰਤ ਨੇ ਰਖ੍ਯਾ ਕੀਤੀ, ਇਸ ਲਈ ਰਿਖੀ ਨੇ ਪ੍ਰਸੰਨ ਹੋਕੇ ਉਸ ਨੂੰ ਸ਼ੁੱਧ ਕੀਤਾ ਅਤੇ ਪਿਤਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਇਸ ਤ੍ਰਿਸ਼ੰਕੁ (ਸਤ੍ਯਵ੍ਰਤ) ਨੇ ਕੇਕਯ ਵੰਸ਼ ਦੇ ਰਾਜਾ ਦੀ ਸਪਤਰਥਾ ਨਾਮਕ ਕੰਨ੍ਯਾ ਨਾਲ ਵਿਆਹ ਕੀਤਾ, ਜਿਸ ਤੋਂ ਸਤ੍ਯਵ੍ਰਤੀ ਰਾਜਾ ਹਰਿਸ਼ਚੰਦ੍ਰ ਜਨਮਿਆ। ੩. ਬਿੱਲਾ। ੪. ਭਮੱਕੜ. ਪਤੰਗ। ੫. ਚਾਤਕ. ਪਪੀਹਾ। ੬. ਟਣਾਣਾ. ਜੁਗਨੂ. ਖਦ੍ਯੋਤ.
Source: Mahankosh