Definition
ਸੰਗ੍ਯਾ- ਧਰ੍ਮਸ਼ਾਲਾ. ਧਰਮਮੰਦਿਰ। ੨. ਬਿਨਾ ਕਰਾਇਆ ਲੈਣ ਦੇ ਜਿਸ ਮਕਾਨ ਵਿੱਚ ਮੁਸਾਫ਼ਿਰਾਂ ਨੂੰ ਨਿਵਾਸ ਦਿੱਤਾ ਜਾਵੇ। ੩. ਸਿੱਖਾਂ ਦਾ ਧਰਮਅਸਥਾਨ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥਸਾਹਿਗਬ ਜੀ ਦਾ ਪ੍ਰਕਾਸ਼ ਹੋਵੇ, ਅਤਿਥਿ ਨੂੰ ਨਿਵਾਸ ਅਤੇ ਅੰਨ ਮਿਲੇ, ਅਰ ਵਿਦ੍ਯਾ ਸਿਖਾਈ ਜਾਵੇ. "ਮੈ ਬਧੀ ਸਚੁ ਧਰਮਸਾਲ ਹੈ। ਗੁਰਸਿਖਾਂ ਲਹਦਾ ਭਾਲਿਕੈ." (ਸ੍ਰੀ ਮਃ ੫. ਪੈਪਾਇ) "ਮੋਹਿ ਨਿਰਗੁਣ ਦਿਚੈ ਥਾਉ ਸੰਤਧਰਮਸਾਲੀਐ." (ਵਾਰ ਗੂਜ ੨. ਮਃ ੫) ਦੇਖੋ, ਗੁਰਦੁਆਰਾ ੩। ੪. ਧਰਮ ਕਮਾਉਣ ਦੀ ਥਾਂ. "ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ" (ਜਪੁ) ੫. ਜਿਲੇ ਕਾਂਗੜੇ ਵਿੱਚ ਇੱਕ ਪਹਾੜੀ ਸਟੇਸ਼ਨ, ਜੋ ਹੁਣ ਜਿਲੇ ਦਾ ਪ੍ਰਧਾਨ ਨਗਰ ਹੈ. ਪਹਿਲਾਂ ਇੱਥੇ ਇੱਕ ਧਰਮਸਾਲਾ ਮੁਸਾਫ਼ਿਰਾਂ ਲਈ ਸੀ, ਜਿਸ ਤੋਂ ਸਟੇਸ਼ਨ ਦਾ ਇਹ ਨਾਉਂ ਹੋਗਿਆ. ਧਰਮਸਾਲਾ ਦੀ ਬਲੰਦੀ ੭੧੧੨ ਫੁਟ ਹੈ ਅਰ ਕਾਂਗੜੇ ਤੋਂ ੧੬. ਮੀਲ ਉੱਤਰ ਪੂਰਵ ਹੈ. ਰੇਲਵੇ ਸਟੇਸ਼ਨ ਪਠਾਨਕੋਟ ਤੋਂ ੫੨ ਮੀਲ, ਅਤੇ ਕਾਂਗੜਾਵੈਲੀ ਰੇਲਵੇ ਦੇ ਸਟੇਸ਼ਨ "ਧਰਮਸਾਲਾ ਰੋਡ" ਤੋਂ ੧੦- ੧੧ ਮੀਲ ਦੀ ਵਿੱਥ ਤੇ ਹੈ.
Source: Mahankosh