ਧ੍ਰੁਵ
thhruva/dhhruva

Definition

ਸੰ. ਧਾ- ਸ੍‌ਥਿਰ ਰਹਿਣਾ, ਖੜਾ ਰਹਿਣਾ, ਜਾਣਾ (ਗਮਨ ਕਰਨਾ). ੨. ਵਿ- ਸ੍‌ਥਿਰ. ਅਚਲ. "ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਦੇਖੋ, ਬਰਵਾ। ੪. ਕਰਤਾਰ. ਵਾਹਗੁਰੂ. ਜੋ ਸਦਾ ਅਚਲ ਹੈ। ੫. ਆਕਾਸ਼। ੬. ਪਰਵਤ। ੭. ਖਗੋਲ ਦੀ ਧੁਰ. ਧ੍ਰੁਵਤਾਰਾ. Pole- star। ੮. ਭਾਗਵਤ ਅਤੇ ਵਿਸਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ. ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ. ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ. ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ. ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ. ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ. ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ. ਧ੍ਰੁਵ ਇਹ ਸੁਣਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ. ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਕਣ ਸੱਚ ਆਖਦੀ ਹੈ. ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ. ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ. ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ.¹ ਧ੍ਰੁਵ ਨੇ ਮਧੁਵਨ ਵਿੱਚ ਜਾਕੇ ਅਜੇਹਾ ਘੋਰ ਤਪ ਕੀਤਾ ਕਿ ਵਿਸਨੁ ਨੇ ਸਾਕ੍ਸ਼ਾਤ ਦਰਸ਼ਨ ਦੇਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ. ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ. ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕ੍ਸ਼ਾਂ ਨੇ ਮਾਰ ਦਿੱਤਾ. ਧ੍ਰੁਵ ਦੇ ਦੋ ਇਸਤ੍ਰੀਆਂ ਸਨ. ਭ੍ਰਮਿ ਅਤੇ ਇਲਾ. ਭ੍ਰਮਿ ਦੇ ਗੱਰਭ ਤੋਂ ਕਲਪ ਅਤੇ ਵਤਸਰ ਦੋ ਪੁਤ੍ਰ ਹੋਏ. ਇਲਾ ਦੇ ਉਤਫਲ ਪੁਤ੍ਰ ਜਨਮਿਆ. ਧ੍ਰੁਵ ੩੬ ਹਜ਼ਾਰ ਵਰ੍ਹੇ ਰਾਜ ਕਰਕੇ ਵਿਸਨੁ ਦੇ ਦਿੱਤੇ ਅਚਲ ਅਸਥਾਨ ਤੇ ਜਾ ਵਿਰਾਜਿਆ.
Source: Mahankosh