ਨਉਨਿਧਿ
naunithhi/naunidhhi

Definition

ਸੰਗ੍ਯਾ- ਨਵ ਨਿਧਿ. ਨੌ ਨਿਧੀਆਂ. ਨੌ ਖ਼ਜ਼ਾਨੇ. ਸੰਸਕ੍ਰਿਤ ਗ੍ਰੰਥਾਂ ਵਿੱਚ ਖ਼ਾਸ ਖ਼ਾਸ ਗਿਣਤੀ ਦੀਆਂ ਇਹ ਨਿਧੀਆਂ ਹਨ-#ਪਦਮ, ਮਹਾਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੰਦ, ਨੀਲ, ਅਤੇ ਵਰ੍‍ਚ¹. "ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ." (ਸੁਖਮਨੀ) ਨਉ ਨਿਧਿ ਤੋਂ ਭਾਵ ਸਭ ਧਨ ਸੰਪਦਾ ਹੈ.#ਮਾਰਕੰਡੇਯਪੁਰਾਣ ਦੇ ੬੮ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਪਦਮਿਨੀ ਨਾਮ ਦੀ ਵਿਦ੍ਯਾਦੇਵੀ ਦੇ ਆਸਰੇ ਨਿਧੀਆਂ ਰਹਿਁਦੀਆਂ ਹਨ. ਅਰ ਇਸ ਦੇ ਲੇਖ ਤੋਂ ਸਿੱਧ ਹੁੰਦਾ ਹੈ ਕਿ ਇਹ ਨਿਧੀਆਂ ਖਾਸ ਖਾਸ ਰਤਨ ਰੂਪ ਹਨ. ਇਨ੍ਹਾਂ ਦੇ ਵੱਖ ਵੱਖ ਗੁਣ ਦੱਸੇ ਹਨ, ਜਿਵੇਂ- ਪਦਮਨਿਧਿ ਸਾਤ੍ਵਿਕ ਹੈ, ਇਸ ਤੋਂ ਪੁੱਤ ਪੋਤੇ ਵਧਦੇ ਹਨ, ਸੋਨਾ ਚਾਂਦੀ ਆਦਿ ਧਾਤਾਂ ਸਭ ਪ੍ਰਾਪਤ ਹੁੰਦੀਆਂ ਹਨ. ਮੁਕੁੰਦ ਨਿਧਿ ਰਜੋਗੁਣ ਪ੍ਰਧਾਨ ਹੈ. ਇਸ ਤੋਂ ਸੰਗੀਤ ਵਿਦ੍ਯਾ ਦੀ ਪ੍ਰਾਪਤੀ ਹੁੰਦੀ ਹੈ. ਕਵੀ ਗਵੈਯੇ ਹਰਵੇਲੇ ਹਾਜਿਰ ਰਹਿਂਦੇ ਹਨ. ਮਕਰ ਨਿਧਿ ਤਮੋਗੁਣੀ ਹੈ, ਇਸ ਤੋਂ ਸ਼ਸਤ੍ਰਵਿਦ੍ਯਾ ਦੀ ਪ੍ਰਾਪਤੀ ਹੁੰਦੀ ਹੈ, ਸਭ ਤੇ ਹੁਕੂਮਤ ਕਰਦਾ ਹੈ. ਇਸੇ ਤਰ੍ਹਾਂ ਸਾਰੀਆਂ ਨਿਧੀਆਂ ਦਾ ਵਰਣਨ ਹੈ.
Source: Mahankosh