ਨਰੇਂਦ੍ਰ ਸਿੰਘ
naraynthr singha/narēndhr singha

Definition

ਮਹਾਰਾਜਾ ਕਰਮਸਿੰਘ ਪਟਿਆਲਾਪਤਿ ਦਾ ਸੁਪੁਤ੍ਰ ਅਤੇ ਪਟਿਆਲੇ ਦਾ ਮਹਾ ਪ੍ਰਤਾਪੀ ਮਹਾਰਾਜਾ, ਜਿਸ ਦਾ ਜਨਮ ਮੱਘਰ ਬਦੀ ੧੦. ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਇਹ ਧਰਮ ਅਤੇ ਨੀਤਿ ਦਾ ਪੁੰਜ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਬਦੀ ੬. ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਰਾਜਸਿੰਘਾਸਨ ਤੇ ਬੈਠਾ ਅਤੇ ਰਾਜ ਦਾ ਪ੍ਰਬੰਧ ਬਹੁਤ ਉੱਤਮ ਰੀਤਿ ਨਾਲ ਕੀਤਾ. ਮਹਾਰਾਜਾ ਨਰੇਂਦ੍ਰਸਿੰਘ ਦਾ ਦਰਬਾਰ ਸੂਰਵੀਰ ਅਤੇ ਗੁਣਵਾਨਾਂ ਨਾਲ ਭਰਪੂਰ ਰਹਿਂਦਾ ਸੀ. ਸਨ ੧੮੫੭- ੫੮ ਦੇ ਗਦਰ ਸਮੇਂ ਮਹਾਰਾਜਾ ਨੇ ਆਪਣੇ ਤਾਈਂ ਸਰਕਾਰ ਅੰਗ੍ਰੇਜ਼ ਦਾ ਸੱਚਾ ਮਿਤ੍ਰ ਸਿੱਧ ਕੀਤਾ. ਗਵਰਨਮੈਂਟ ਬਰਤਾਨੀਆ ਨੇ ਭੀ ਮਹਾਰਾਜਾ ਦੀ ਪੂਰੀ ਕਦਰ ਕੀਤੀ ਅਤੇ ੧੮. ਜਨਵਰੀ ਸਨ ੧੮੬੦ ਨੂੰ ਅੰਬਾਲੇ ਦਰਬਾਰ ਕਰਕੇ ਲਾਰਡ ਕੈਨਿੰਗ (Lord Canning) ਨੇ ਸਰਕਾਰ ਵੱਲੋਂ ਮਹਾਰਾਜਾ ਦਾ ਧੰਨਵਾਦ ਕੀਤਾ ਅਤੇ ਨਾਰਨੌਲ ਦਾ ਇਲਾਕਾ ਦਿੱਤਾ. ੧. ਨਵੰਬਰ ਸਨ ੧੮੬੧ ਨੂੰ ਕੇ. ਸੀ. ਐਸ. ਆਈ. (K. C. S. I. ) ਦਾ ਖ਼ਿਤਾਬ ਮਿਲਿਆ ਅਤੇ ਗਵਰਨਰ ਜਨਰਲ ਦੀ ਕੌਂਸਲ ਦੀ ਮੈਂਬਰੀ ਪ੍ਰਾਪਤ ਹੋਈ।ਸਨ ੧੮੬੦ ਵਿੱਚ ਜੋ ਮੁਤਬੰਨਾ ਕਰਨ ਦਾ ਅਧਿਕਾਰ ਫੂਲਕੀਆਨ ਰਿਆਸਤਾਂ ਨੂੰ ਦਿੱਤਾ ਗਿਆ ਸੀ, ਉਸ ਦੀ ਸਨਦ ੫. ਮਾਰਚ ਸਨ ੧੮੬੨ ਨੂੰ ਮਿਲੀ. ਮਹਾਰਾਜਾ ਨਰੇਂਦ੍ਰ ਸਿੰਘ ਨੇ ਦੋ ਸਾਥੀ ਰਾਜਿਆਂ ਨੂੰ ਨਾਲ ਮਿਲਾਕੇ ਜੋ ਰਾਜਪ੍ਰਬੰਧ ਦੇ ਨਿਯਮ ਥਾਪੇ ਅਰ ਅੰਗ੍ਰੇਜ਼ੀ ਸਰਕਾਰ ਨਾਲ ਅਹਿਦੋ ਪੈਮਾਨ ਠਹਿਰਾਏ ਹਨ, ਉਨ੍ਹਾਂ ਤੋਂ ਆਪ ਦੀ ਪੂਰੀ ਬੁੱਧਿਮੱਤਾ (ਦਾਨਾਈ) ਅਤੇ ਦੂਰੰਦੇਸ਼ੀ ਪ੍ਰਗਟ ਹੁੰਦੀ ਹੈ. ਉਨਤਾਲੀ ਵਰ੍ਹੇ ਦੀ ਉਮਰ ਵਿਚ ੧੩. ਨਵੰਬਰ ਸਨ ੧੮੬੨ ਨੂੰ ਮਹਾਰਾਜ ਦਾ ਦੇਹਾਂਤ ਪਟਿਆਲੇ ਹੋਇਆ. ਦੇਖੋ, ਪਟਿਆਲਾ.
Source: Mahankosh