Definition
[نادِرشہ] ਨਾਦਿਰ (ਤਹਮਾਸਪ) ਕੁਲੀ ਖ਼ਾਨ. ਇਹ ਇਮਾਮਕੁਲੀ ਦਾ ਪੁੱਤ ਇੱਕ ਗ਼ਰੀਬ ਅਯਾਲੀ ਸੀ, ਜੋ ਖ਼ੁਰਾਸਾਨ ਅੰਦਰ ਸਨ ੧੬੮੭ ਵਿੱਚ ਪੈਦਾ ਹੋਇਆ, ਇਸ ਨੇ ਆਪਣੇ ਪਰਾਕ੍ਰਮ ਅਤੇ ਬੁੱਧਿਬਲ ਨਾਲ ਸਨ ੧੭੩੬ ਵਿੱਚ ਸਫ਼ਵੀ ਖ਼ਾਨਦਾਨ ਨੂੰ ਜਿੱਤ ਕੇ ਫ਼ਾਰਸ ਦਾ ਤਖ਼ਤ ਪ੍ਰਾਪਤ ਕੀਤਾ, ਫੇਰ ਕਾਬੁਲ ਕੰਧਾਰ ਨੂੰ ਜਿੱਤ ਕੇ ਸਨ ੧੭੩੯ (ਸੰਮਤ ੧੭੯੬) ਵਿੱਚ ਹਿੰਦੁਸਤਾਨ ਪੁਰ ਚੜ੍ਹਾਈ ਕੀਤੀ. ਕਰਨਾਲ ਦਾ ਜੰਗ ਜਿੱਤ ਕੇ ਮੁਲਕ ਨੂੰ ਲੁੱਟਦਾ ਮਾਰਦਾ ਦਿੱਲੀ ਪਹੁਚਿਆ. ਦਿੱਲੀ ਦੇ ਬਾਦਸ਼ਾਹ ਮੁਹ਼ੰਮਦ ਸ਼ਾਹ ਨੇ ਟਾਕਰਾ ਕੀਤਾ, ਪਰ ਤੁਰਤ ਹਾਰ ਖਾਧੀ, ਅੰਤ ਨੂੰ ਨਾਦਿਰ ਨਾਲ ਸੁਲਾ ਕਰਕੇ ਘਰ ਲੈ ਆਇਆ. ਇੱਕ ਭੰਗੜ ਦਿਹਲਵੀ ਨੇ ਗੱਪ ਉਡਾ ਦਿੱਤੀ ਕਿ ਨਾਦਿਰ ਕਿਲੇ ਅੰਦਰ ਕ਼ਤਲ ਕੀਤਾ ਗਿਆ ਹੈ. ਇਸ ਪੁਰ ਦਿੱਲੀ ਦੇ ਲੋਕਾਂ ਨੇ ਕਈ ਸਿਪਾਹੀ ਨਾਦਿਰ ਦੇ ਮਾਰ ਦਿੱਤੇ. ਇਹ ਸੁਣ ਕੇ ਨਾਦਿਰ ਤਲਵਾਰ ਧੂਹ ਕੇ ਸੁਨਹਿਰੀ ਮਸੀਤ ਵਿੱਚ ਆ ਬੈਠਾ ਅਰ ਕਤਲਾਮ ਦਾ ਹੁਕਮ ਦਿੱਤਾ. ਨੌ ਘੰਟੇ ਦੀ ਕਤਲਾਮ ਵਿੱਚ ਕਈ ਹਜ਼ਾਰ ਆਦਮੀ ਵੱਢਿਆ ਗਿਆ.¹ਵੱਡੇ ਯਤਨ ਨਾਲ ਨਾਦਿਰ ਦੀ ਤਲਵਾਰ ਮਿਆਨ ਕਰਵਾਈ, ਜਿਸ ਤੋਂ ਕਤਲਾਮ ਬੰਦ ਹੋਈ²#ਨਾਦਿਰ ਸ਼ਾਹ ਦਿੱਲੀ ਤੋਂ ਤਖ਼ਤ ਤਾਊਸ (ਮਯੂਰ- ਸਿੰਘਾਸਨ), ਕੋਹਨੂਰ ਹੀਰਾ ਅਤੇ ਅਨੰਤ ਮਾਲ ਲੈ ਕੇ ਈਰਾਨ ਨੂੰ ਰਵਾਨਾ ਹੋਇਆ, ਪਰ ਰਸਤੇ ਵਿੱਚ ਖ਼ਾਲਸੇ ਨੇ ਛਾਪੇ ਮਾਰ ਕੇ ਵੱਡਾ ਤੰਗ ਕੀਤਾ ਅਰ ਲੁੱਟ ਦਾ ਬਹੁਤ ਮਾਲ ਖੋਹਿਆ.#ਹਿੰਦ ਤੋਂ ਵਾਪਿਸ ਜਾਣ ਲੱਗਿਆਂ ਨਾਦਿਰ ਨੇ ਅਫਗਾਨਿਸਤਾਨ ਦਾ ਇਲਾਕਾ ਜੋ ਸਿੰਧ ਨਦ ਦੇ ਪੱਛਮ ਵੱਲ ਸੀ, ਈਰਾਨ ਨਾਲ ਮਿਲਾ ਲਿਆ.#ਨਾਦਿਰਸ਼ਾਹ ੨੦. ਜੂਨ ਸਨ ੧੭੪੭ (ਸਾਂਮਤ ੧੮੦੪) ਨੂੰ ਕੂਚਾਨ ਦੇ ਪਾਸ ਆਪਣੀ ਜਾਤੀ ਦੇ ਆਦਮੀ ਹੱਥੋਂ ਕੈਂਪ ਵਿੱਚ ਸੁੱਤਾ ਪਿਆ ਕ਼ਤਲ ਕੀਤਾ ਗਿਆ. ਨਾਦਿਰ ਸ਼ਾਹ ਦਾ ਮਕ਼ਬਰਾ ਮਸ਼ਹਦ ਵਿੱਚ ਹੈ.
Source: Mahankosh