ਨਾਦੌਨ
naathauna/nādhauna

Definition

ਕਾਂਗੜੇ ਦੇ ਜਿਲੇ ਹਮੀਰਪੁਰ ਦੀ ਤਸੀਲ, ਥਾਣਾ ਜ੍ਵਾਲਾਜੀ ਵਿੱਚ ਕਟੋਚ ਰਾਜਪੂਤਾਂ ਦੀ ਪੁਰਾਣੀ ਰਾਜਧਾਨੀ, ਜੋ ਕਾਂਗੜੇ ਤੋਂ ਦੱਖਣ ਪੂਰਵ ੨੦. ਮੀਲ ਵਿਪਾਸ਼ (ਬਿਆਸ) ਨਦੀ ਦੇ ਕਿਨਾਰੇ ਹੈ, ਨਾਦੌਨ ਤੋਂ ਪੱਛਮ ਵੱਲ ਵਿਪਾਸ਼ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਪੁਜਾਰੀ ਸਿੰਘ ਹੈ. ਰਿਆਸਤ ਨਾਭੇ ਵੱਲ ੬੦) ਰੁਪਯੇ ਸਾਲਾਨਾ ਗੁਜਾਰਾ ਹੈ. ਗੁਰੂ ਸਾਹਿਬ ਦੇ ਵੇਲੇ ਦੇ ਗੁਰਦ੍ਵਾਰੇ ਦੇ ਅਹਾਤੇ ਅੰਦਰ ਛੀ ਪਿੱਪਲ ਮੌਜੂਦ ਹਨ.#ਵਿਚਿਤ੍ਰ ਨਾਟਕ ਦੇ ਨੌਵੇਂ ਅਧ੍ਯਾਯ ਵਿੱਚ ਕਥਾ ਹੈ ਕਿ ਪਹਾੜੀ ਰਾਜਿਆਂ ਵੱਲੋਂ ਖ਼ਿਰਾਜ ਨਾ ਪੁੱਜਣ ਕਰਕੇ ਔਰੰਗਜ਼ੇਬ ਨੇ ਮੀਆਂ ਖ਼ਾਨ ਫੌਜਦਾਰ ਨੂੰ ਪਹਾੜ ਵੱਲ ਭੇਜਿਆ. ਮੀਆਂ ਖ਼ਾਨ ਆਪ ਜੰਮੂ ਵੱਲ ਗਿਆ ਤੇ ਉਸ ਨੇ ਆਪਣੇ ਭਤੀਜੇ ਅਲਫ਼ਖਾਨ ਨੂੰ ਨਾਦੌਣ ਵੱਲ ਭੇਜਿਆ, ਇਸ ਕਰਕੇ ਰਾਜੇ ਭੀਮਚੰਦ ਕਹਲੂਰੀਏ ਨੇ ਦਸ਼ਮੇਸ਼ ਤੋਂ ਸਹਾਇਤਾ ਮੰਗੀ, ਸੰਮਤ ੧੭੪੭ ਦੇ ਅੰਤ ਵਿੱਚ ਨਾਦੌਣ ਦਾ ਜੰਗ ਹੋਇਆ ਜਿਸ ਵਿੱਚ ਅਲਖ਼ਖਾਨ ਹਾਰ ਕੇ ਭੱਜ ਗਿਆ.
Source: Mahankosh