ਨਾਨਕਮਤਾ
naanakamataa/nānakamatā

Definition

ਯੂ. ਪੀ. ਵਿੱਚ ਜਿਲਾ ਨੈਨੀਤਾਲ ਦੀ ਤਸੀਲ ਸਤਾਰਗੰਜ ਅੰਦਰ ਪੀਲੀਭੀਤ ਤੋਂ ੧੫. ਮੀਲ ਉੱਤਰ ਪੱਛਮ ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਖਟੀਮਾ ਤੋਂ ੧੦. ਮੀਲ ਪੱਛਮ ਵੱਲ ਹੈ. ਪਹਿਲਾਂ ਇਸਦਾ ਨਾਮ ਗੋਰਖਪੰਥੀਆਂ ਦੇ ਰਹਿਣ ਕਰਕੇ. "ਗੋਰਖਮਤਾ" ਸੀ, ਪਰ ਜਦ ਤੋਂ ਸ਼੍ਰੀ ਗੁਰੂ ਨਾਨਕਦੇਵ ਨੇ ਗੋਰਖ ਦੇ ਚੇਲੇ ਝੰਗਰਨਾਥ ਭੰਗਰਨਾਥ ਆਦਿਕਾਂ ਨੂੰ ਸ਼ਬਦ ਨਾਲ ਜਿੱਤਕੇ ਗ੍ਯਾਨ ਦਿੱਤਾ, ਤਦ ਤੋਂ ਇਸ ਦਾ ਨਾਉਂ "ਨਾਨਕਮਤਾ" ਹੈ. ਇਹ ਜਗਾ ਹੁਣ ਜੰਗਲ ਸਮੇਤ ਉਦਾਸੀ ਸਾਧੂਆਂ ਪਾਸ ਹੈ.#ਅਲਮਸਤ ਜੀ ਦੀ ਸਹਾਇਤਾ ਲਈ ਛੀਵੇਂ ਸਤਿਗੁਰੁ ਭੀ ਇੱਥੇ ਪਧਾਰੇ ਹਨ. ਗੁਰੂ ਸਾਹਿਬ ਦਾ ਲਾਇਆ ਇੱਕ ਪਿੱਪਲ ਅਤੇ ਇੱਕ ਖੂਹ ਹੈ. ਗੁਰਦ੍ਵਾਰੇ ਨੂੰ ਪੰਜ ਹਜਾਰ ਰੁਪਯੇ ਦੀ ਜਾਗੀਰ ਹੈ ਅਰ ਮਹੰਤ ਅਲਮਸਤ ਜੀ ਦੀ ਪੱਧਤਿ ਦਾ ਉਦਾਸੀ ਹੈ.
Source: Mahankosh