Definition
ਅਸਗੰਧ, ਗੰਗੇਰਨ ਦੀ ਛਿੱਲ, ਬਿਲ ਦੀ ਗਿਰੂ, ਪਾਠਾ, ਕੰਡਿਆਰੀ ਵਡੀ ਅਤੇ ਛੋਟੀ, ਗੋਖਰੂ, ਅਤਿਬਲਾ, ਨਿੰਮ ਦੀ ਛਿੱਲ, ਪੁਨਰਨਵਾ, ਸ੍ਯੋਨਾਕ, ਪ੍ਰਸਾਰਿਣੀ, ਅਰਣੀ, ਇਹ ੧੩. ਦਵਾਈਆਂ ਦਵਾਈਆਂ ਅੱਧ- ਅੱਧ ਸੇਰ ਪੱਕੀਆਂ ਲੈਣੀਆਂ ਅਤੇ ਸਾਰੀਆਂ ਦਾ ਦਰੜਾ ਕਰਕੇ ਇੱਕ ਮਣ ਚੌਬੀ ਸੇਰ ਪੱਕੇ ਪਾਣੀ ਵਿੱਚ ਉਬਾਲਨਾ, ਜਦ ਚੌਥਾ ਹਿੱਸਾ ਪਾਣੀ ਰਹਿਜਾਵੇ, ਤਾਂ ਉਤਾਰ ਛਾਣਕੇ ਉਸ ਵਿੱਚ ਤਿਲਾਂ ਦਾ ਤੇਲ ਚਾਰ ਸੇਰ, ਸਤਾਵਰੀ ਦਾ ਰਸ ਚਾਰ ਸੇਰ ਅਤੇ ਗਊ ਦਾ ਦੁੱਧ ਅੱਠ ਸੇਰ ਮਿਲਾਉਣਾ. ਇਸ ਵਿੱਚ ਕੁਠ, ਇਲਾਇਚੀ, ਚਿੱਟਾ ਚੰਨਣ, ਮੂਰਬਾ, ਵਚ, ਜਟਾਮਾਸੀ, ਸੇਂਧਾ ਲੂਣ, ਅਸੰਗਧ, ਗੰਗੇਰਨ ਦੀ ਛਿੱਲ, ਰਾਇਸਨ, ਸੌਂਫ, ਦੇਵਦਾਰੁ, ਸਾਲਪਰਣੀ, ਪ੍ਰਿਸ੍ਟਪਰਣੀ, ਮਾਸਪਰਣੀ, ਮੁਦਗਪਰਣੀ, ਤਗਰ, ਇਨ੍ਹਾਂ ਸਤਾਰਾਂ ਦਵਾਈਆਂ ਦਾ ਨੁਗਦਾ ਕਰਕੇ ਮਿਲਾਉਣਾ ਅਤੇ ਤੇਲ ਨੂੰ ਮੱਠੀ ਆਂਚ ਤੇ ਪਕਾਉਣਾ. ਜਦ ਕੇਵਲ ਤੇਲ ਰਹਿਜਾਵੇ, ਤਦ ਉਤਾਰ ਛਾਣਕੇ ਬੋਤਲਾਂ ਵਿੱਚ ਪਾਲੈਣਾ. ਇਸ ਤੇਲ ਦੀ ਮਾਲਿਸ਼ ਕਰਨ ਤੋਂ ਜੋੜਾਂ ਦੇ ਦਰਦ, ਵਾਈ ਦੇ ਰੋਗ ਅਤੇ ਸੁਸਤੀ ਦੂਰ ਹੁੰਦੀ ਹੈ.
Source: Mahankosh