Definition
John Nicholson. ਇਸ ਦਾ ਜਨਮ ਆਯਰਲੈਂਡ (Ireland) ਵਿੱਚ ੧੧. ਦਿਸੰਬਰ ਸਨ ੧੮੨੨ ਨੂੰ ਹੋਇਆ. ਸਨ ੧੮੩੯ ਵਿੱਚ ਬੰਗਾਲ ਦੀ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋਕੇ ਅਨੇਕ ਜੰਗਾਂ ਵਿੱਚ ਲੜਿਆ ਅਰ ਨੇਕਨਾਮੀ ਪਾਈ.#ਸਿੱਖਾਂ ਦੀ ਦੂਜੀ ਲੜਾਈ ਵੇਲੇ ਇਸ ਨੇ ਵਡੀ ਬਹਾਦੁਰੀ ਦਿਖਾਈ. ਕੁੱਝ ਚਿਰ ਕਸ਼ਮੀਰ ਦਾ ਪੋਲਿਟੀਕਲ ਅਫਸਰ ਅਤੇ ਸਿੰਧ ਸਾਗਰ ਦਾ ਹਾਕਿਮ ਰਿਹਾ. ਸਨ ੧੮੫੭ ਦੇ ਗਦਰ ਵੇਲੇ ਇਸ ਨੇ ਸਰਕਾਰ ਅੰਗ੍ਰੇਜ਼ੀ ਦੀ ਭਾਰੀ ਸੇਵਾ ਕੀਤੀ. ਸਿੱਖਾਂ ਦਾ ਮਨ ਪ੍ਰਸੰਨ ਕਰਨ ਲਈ ਅਕਾਲ ਬੁੰਗੇ ਅੱਗੇ ਅਰਦਾਸ ਕਰਵਾਈ ਅਤੇ ਭੇਟਾ ਅਰਪੀ.¹ ਦਿੱਲੀ ਦੀ ਲੜਾਈ ਵਿੱਚ ਬਾਗੀਆਂ ਨੂੰ ਹਾਰ ਦਿੰਦਾ ਹੋਇਆ, ਇਹ ੨੩ ਸਿਤੰਬਰ ਸਨ ੧੮੫੭ ਨੂੰ ਜੰਗ ਕਰਦਾ ਮੋਇਆ. ਦਿੱਲੀ ਦੇ ਕਸ਼ਮੀਰੀ ਦਰਵਾਜ਼ੇ ਅੱਗੇ ਨਿਕਲਸਨ ਪਾਰਕ (ਬਾਗ) ਵਿੱਚ ਨਿਕਲਸਨ ਦਾ ਬੁਤ ਉਸ ਦੀ ਕੀਰਤਿ ਪ੍ਰਗਟ ਕਰ ਰਿਹਾ ਹੈ.
Source: Mahankosh