ਨਿਮਿ
nimi/nimi

Definition

ਸੰ. ਸੰਗ੍ਯਾ- ਅੱਖ ਮੀਟਣ ਦੀ ਕ੍ਰਿਯਾ। ੨. ਉਤਨਾ ਸਮਾਂ, ਜਿਤਨੇ ਵਿੱਚ ਅੱਖ ਝਮਕੀਏ. ਨਿਮੇਸ। ੩. ਇੱਕ ਰਿਖੀ ਜੋ ਦੱਤਾਤ੍ਰੇਯ ਦਾ ਪੁਤ੍ਰ ਸੀ। ੪. ਰਾਜਾ ਇਕ੍ਸ਼੍‌ਵਾਕੁ ਦਾ ਇੱਕ ਪੁਤ੍ਰ, ਜਿਸ ਤੋਂ ਮਿਥਿਲਾ ਦਾ ਵਿਦੇਹ ਵੰਸ਼ ਚੱਲਿਆ. ਮਹਾਭਾਰਤ ਅਤੇ ਵਿਸਨੁ ਪੁਰਾਣ ਆਦਿ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਨਿਮਿ ਨੇ ਇੱਕ ਵਾਰ ਵਸ਼ਿਸ੍ਠ ਨੂੰ ਯੱਗ ਕਰਾਉਣ ਲਈ ਸੱਦਾ ਦਿੱਤਾ, ਪਰ ਵਸ਼ਿਸ੍ਠ ਨੇ ਇੰਦ੍ਰ ਦਾ ਯੱਗ ਕਰਾਉਣਾ ਪਹਿਲਾਂ ਮਨਜੂਰ ਕਰ ਲਿਆ ਸੀ, ਇਸ ਲਈ ਸ੍ਵਰਗ ਤੋਂ ਯੱਗ ਕਰਾਕੇ ਜਦ ਵਾਪਿਸ ਆਇਆ, ਤਦ ਦੇਖਿਆ ਕਿ ਨਿਮਿ ਗੌਤਮ ਤੋਂ ਯੱਗ ਕਰਵਾ ਰਿਹਾ ਹੈ. ਵਸ਼ਿਸ੍ਠ ਨੇ ਨਿਮਿ ਨੂੰ ਸ਼੍ਰਾਪ (ਸ਼ਾਪ) ਦਿੱਤਾ ਕਿ ਤੇਰਾ ਸ਼ਰੀਰ ਨਹੀਂ ਰਹੇਗਾ. ਨਿਮਿ ਨੇ ਭੀ ਵਸ਼ਿਸ੍ਠ ਨੂੰ ਸ਼੍ਰਾਪ ਦਿੱਤਾ ਕਿ ਤੇਰਾ ਭੀ ਸ਼ਰੀਰ ਛੁਟਜਾਵੇਗਾ. ਦੋਹਾਂ ਦਾ ਦੇਹਾਂਤ ਹੋਇਆ. ਵਸ਼ਿਸ੍ਠ ਦੇਹ ਛੱਡਕੇ ਮਿਤ੍ਰਾਵਰੁਣ ਦੇ ਵੀਰਯ ਦ੍ਵਾਰਾ ਫਿਰ ਉਤਪੰਨ ਹੋਇਆ, ਅਰ ਨਿਮਿ ਨੂੰ ਦੇਵਤਾ ਅਤੇ ਰਿਸ਼ੀਆਂ ਨੇ ਉਸੇ ਸ਼ਰੀਰ ਵਿੱਚ ਫੇਰ ਅਮਰ ਕਰਨਾ ਚਾਹਿਆ, ਪਰ ਨਿਮਿ ਨੇ ਮੁੜ ਮੁਰਦਾ ਦੇਹ ਵਿੱਚ ਪ੍ਰਵੇਸ਼ ਕਰਨਾ ਪਸੰਦ ਨਾ ਕੀਤਾ, ਇਸ ਪੁਰ ਦੇਵਤਿਆਂ ਨੇ ਨਿਮਿ ਨੂੰ ਅੱਖਾਂ ਦੀਆਂ ਪਲਕਾਂ ਵਿੱਚ ਨਿਵਾਸ ਦਿੱਤਾ.
Source: Mahankosh