Definition
ਇਹ ਨਿਰਮਲ ਪੰਥ ਦੇ ਰਚਨ ਉੱਚ ਦਰਜੇ ਦੇ ਕਵੀ ਸਨ. ਆਪ ਦਾ ਨਿਵਾਸ ਲਾਹੌਰ ਚੂੰਨੀ ਮੰਡੀ ਵਿੱਚ ਬਾਬਾ ਖੁਦਾਸਿੰਘ ਜੀ ਦੀ ਧਰਮਸਾਲਾ ਪਾਸ ਗੋਬਿੰਦ ਕੁਟੀਆ ਵਿੱਚ ਸੀ. ਇਨ੍ਹਾਂ ਨੇ ਅਕਾਲ ਨਾਟਕ, ਨਿਰਮਲ ਪ੍ਰਭਾਕਰ ਅਤੇ ਸਿੱਖੀਪ੍ਰਭਾਕਰ ਆਦਿਕ ਅਨੇਕ ਉੱਤਮ ਗ੍ਰੰਥ ਲਿਖੇ ਹਨ. ਇਨ੍ਹਾਂ ਦੀ ਕਵਿਤਾ ਦੀ ਨਮੂਨਾ ਇਹ ਹੈ:-#ਕਬਿੱਤ#ਪ੍ਰਾਤ ਹੀ ਪਿਯੂਖ ਸਮੈਂ ਗਾਤ ਕੋ ਪੁਨੀਤ ਕੀਨ#ਚੀਤ ਕੋ ਨ ਜਾਨਦੇਤ ਨੈਕਹੂੰ ਵਿਕਾਰ ਮੈ,#ਆਸਨ ਕੋ ਸਾਧਕੈ ਅਰਾਧਕੈ ਅਗਾਧਮੰਤ੍ਰ#ਬਾਂਧਕੈ ਉਪਾਧਿ ਕੋ ਸਮਾਧਿ ਨਿਰਾਕਾਰ ਮੈ,#ਬਾਨੀ ਪ੍ਰਭੁ ਗ੍ਰੰਥ ਕੀ ਪ੍ਰਮੋਦ ਸੋਂ ਚਿਤਾਰੈ ਚਾਰੁ#ਕੰਜ ਜ੍ਯੋਂ ਅਲੇਪ ਹੈ ਸਦੀਵ ਜੋ ਵਿਹਾਰ ਮੈ,#ਨੰਮ੍ਰਤਾ ਉਦਾਰਤਾਈ ਭਾਵਨਾ ਅਕਾਲਪੰਥ#ਐਸੇ ਗੁਰਸਿੱਖ ਕੋ ਜੁਹਾਰੋਂ ਵਾਰ ਵਾਰ ਮੈ.#ਦੈਵੀਗੁਨ ਦੇਵ ਕੇ ਪ੍ਰਤਾਪ ਕੋ ਬਢਾਵੈ ਬੇਗ#ਸੁੰਭ ਸੇ ਪ੍ਰਮਾਦ ਕੋ ਬਿਦਾਰੈ ਸ਼ੰਭੁਦਾਰਾ¹ ਸੀ,#ਦਾਤੀ ਪਾਤਸ਼ਾਹੀ ਕੀ ਸੁਰਾਹੀ ਸੀ ਪਿਯੂਖ ਪੂਰੀ#ਤਾਂਬੋ ਚੀਤ ਸ੍ਯਾਹੀਕੋ ਇਲਾਹੀ ਖ਼ਾਕਪਾਰਾ ਸੀ,#ਤੀਨੋ ਤਾਪ ਸਾਪਨ ਕੇ ਝਾਪਨ ਕੋ ਜਾਪਨ ਸੀ#ਪਾਪਕਲਾ ਕਾਪਨ ਕੋ ਭਾਰੀ ਦਾਂਤ ਆਰਾ ਸੀ,#ਕਾਮ ਸੇ ਪ੍ਰਚੰਡ ਅਜਾਪੂਤਨ ਕੇ ਕਾਟਬੇ ਕੋ#ਸਿੱਖੀ ਜੋ ਅਕਾਲ ਕੀ ਸੋ ਤਿੱਖੀ ਤੇਗਧਾਰਾ ਸੀ.#੨. ਸਬਾਜਪੁਰ ਪਿੰਡ (ਜਿਲਾ ਅਮ੍ਰਿਤਸਰ) ਵਿੱਚ ਮੱਲ ਸਿੰਘ ਦੇ ਘਰ ਮਾਤਾ ਕੁਇਰਦੇਈ ਦੇ ਉਦਰ ਤੋਂ ਸੰਮਤ ੧੮੮੭ ਵਿੱਚ ਇਨ੍ਹਾਂ ਦਾ ਜਨਮ ਹੋਇਆ. ਛੋਟੀ ਉਮਰ ਵਿੱਚ ਹੀ ਮਾਤਾ ਦਾ ਦੇਹਾਂਤ ਹੋਜਾਣ ਤੋਂ ਨਾਨਾ ਸੁੱਖਾ ਸਿੰਘ ਅਤੇ ਨਾਨੀ ਕੁਇਰਾਂ ਨੇ ਅਮ੍ਰਿਤਸਰ ਵਿੱਚ ਨਿਹਾਲ ਸਿੰਘ ਜੀ ਦੀ ਪਾਲਨਾ ਕੀਤੀ. ਭਾਈ ਲਾਲ ਸਿੰਘ ਜੀ ਨਿਰਮਲੇ ਸਾਧੂ ਦੇ ਚਾਟੜੇ ਹੋਏ. ਗ੍ਯਾਨੀ ਰਾਮਸਿੰਘ ਜੀ ਤੋਂ ਕਾਵ੍ਯਗ੍ਰੰਥ ਪੜ੍ਹੇ. ਨਿਹਾਲ ਸਿੰਘ ਜੀ ਦੀ ਰਚਨਾ ਕਵੀਂਦ੍ਰਪ੍ਰਕਾਸ਼ ਗ੍ਰੰਥ² ਹੈ. ਇਨ੍ਹਾਂ ਦਾ ਦੇਹਾਂਤ ਸੰਮਤ ੧੯੪੩ ਵਿੱਚ ਹੋਇਆ. ਆਪ ਸੋਹਲਾਂ ਵਾਲੇ ਬੁੰਗੇ ਨਿਵਾਸ ਰੱਖਦੇ ਸਨ. ਇਨ੍ਹਾਂ ਦੀ ਕਵਿਤਾ ਇਹ ਹੈ-#ਉੱਜਲ ਭਈ ਹੈ ਬੁੱਧਿ ਪ੍ਰਭੁ ਗੁਨ ਗਾਵੈ ਸ਼ੁੱਧ#ਚੰਚਲਤਾ ਚਪਲਾ ਜ੍ਯੋਂ ਚਪਲ ਚਲੀ ਗਈ,#ਛੂਛੀ ਹਰਿਨਾਮ ਤੇ ਛਲੀਲੀ ਛਲਵੰਤਨ ਕੋ#ਐਸੀ ਪ੍ਰਾਕ ਮਤਿ ਹੁਤੀ ਛਿਨ ਸੋ ਛਲੀ ਗਈ,#ਗ੍ਯਾਨ ਕੀ ਅਗਨਿ ਕੇ ਪ੍ਰਭਾਵ ਕੈ ਨਿਹਾਲ ਸਿੰਘ#ਸੰਚਿਤ ਕਰਮਕ੍ਰਿਯਾ ਤ੍ਰਿਣ ਲੌ ਜਲੀ ਗਈ,#ਸਤਸੰਗ ਕੇ ਪ੍ਰਭਾਵ ਭਯੋ ਰਿਦਾ ਸ਼ੁੱਧ ਆਇ#ਸੁਧਾਸਰ ਨ੍ਹਾਇ ਪਾਂਤਿ ਪਾਪ ਕੀ ਦਲੀਗਈ.#ਮੈਂਡਾ ਪ੍ਰਾਣਪ੍ਯਾਰਾ ਤੂੰ ਇਥਾਂਈਂ ਹੱਭ ਥਾਂਈਂ ਹਿੱਕੋ#ਤੈਂਡੇ ਪਾਸ ਬੇਨਤੀ ਮੈ ਥੀਵਾਂ ਸੰਤ ਦਾਸਰਾ,#ਸਾਥ ਵੰਞ ਵੰਞ ਵੈਂਦੇ ਡੇਖ ਡੇਖ ਡੁੰਮਣਾ ਮੈ#ਥੀਸੀ ਤਨੁ ਢੇਰੀ ਜਡੂੰ ਵੈਸੀ ਵੰਞ ਸਾਸਰਾ,#ਥੀਂਦਾ ਬਲਿਹਾਰੀ ਮੈ ਨਿਹਾਲ ਸਿੰਘ ਤੈਂ ਡੇਪਾਹ#ਅਰਜ ਕਰੇਂਦਾ ਤੂੰ ਸੁਣੇਦਾ ਨਿਸ ਬਾਸਰਾ,#ਤੈਥੀਂ ਲੋਕ ਮੰਗਦਾ ਨ ਸੰਗਦਾ ਤੂੰ ਮਾਤਾ ਪਿਤਾ#ਗੁਰੂ ਰਾਮਦਾਸ ਸਾਂਈਂ ਮੈਕੂੰ ਤੈਂਡਾ ਆਸਰਾ.#ਵੱਡੇ ਵੇਲੇ ਉੱਠ ਤੂੰ ਜਪੰਦਾ ਨਹੀਂ ਰੱਬ ਨਾਮ#ਵੇਲਾ ਛਲਜਾਸੀ ਅੰਤਕਾਲ ਪਛੁਤੀਸੇਂ ਤੂੰ,#ਥੀਸੀ ਵਿਰਲਾਪ ਤੈਂਡੇ ਸੱਥਰ ਦੇ ਆਸ ਪਾਸ#ਜਮੂਆ ਫੜੇਸੀ ਪ੍ਰੇਤ ਕਰਕੇ ਸਡੀਸੇਂ ਤੂੰ,#ਫਿਰਸੀ ਪਿਟੇਂਦੀ ਨਾਰਿ ਤੈਂਡੀ ਤੇ ਖੁਬੇਂਦੀ ਵਾਲ#ਹਾਇ ਹਾਇ ਹੋਸੀ ਭੌਂਦੂ! ਕਬ ਲਗ ਜੀਸੇਂ ਤੂੰ?#ਆਖੇ ਲੱਗੁ ਮੈਂਡੇ ਅਤੇ ਸੰਤਾਂ ਦੀ ਸਰਣ ਵੰਞ#ਓੜਕ ਦੇ ਵੇਲੇ ਸ਼ਰਮਿੰਦਾ ਨਹੀਂ ਬੀਸੇਂ ਤੂੰ.#੩. ਪੋਠੋਹਾਰ ਵਿੱਚ ਸੈਯਦ ਪਿੰਡ ਦੇ ਵਸਨੀਕ ਮਹਲ ਸਿੰਘ ਦੇ ਘਰ ਮਾਈ ਬੱਸੀ ਦੇ ਉਦਰ ਤੋਂ ਨਿਹਾਲ ਸਿੰਘ ਜੀ ਦਾ ਜਨਮ ਅਮ੍ਰਿਤਸਰ ਵਿੱਚ ਹੋਇਆ.³ ਠਾਕੁਰ ਦਯਾਲ ਸਿੰਘ ਜੀ ਤੋਂ ਅਮ੍ਰਿਤ ਛਕਿਆ. ਇਹ ਹਿੰਦੀ ਅਤੇ ਸੰਸਕ੍ਰਿਤ ਦੇ ਉੱਤਮ ਕਵਿ ਸਨ. ਨਿਜਾਮਾਬਾਦ ਨਿਵਾਸੀ ਬਾਬਾ ਸਾਧੂ ਸਿੰਘ ਜੀ ਦੀ ਪ੍ਰੇਰਣਾ ਕਰਕੇ ਇਨ੍ਹਾਂ ਨੇ ਜਾਪੁ ਸਾਹਿਬ ਦਾ ਟੀਕਾ "ਚਕ੍ਰਧਰ ਚਰਿਤ੍ਰ ਚਾਰੁ ਚੰਦ੍ਰਿਕਾ" ਰਚਿਆ, ਜੋ ਸੰਮਤ ੧੯੨੯ ਵਿੱਚ ਸਮਾਪਤ ਹੋਇਆ।#੪. ਬੋਹਾ (ਜਿਲਾ ਰਾਵਲਪਿੰਡੀ) ਨਿਵਾਸੀ ਸੰਸਕ੍ਰਿਤ ਦੇ ਅਦੁਤੀ ਵਿਦ੍ਵਾਨ ਪੰਡਿਤ ਨਿਹਾਲ ਸਿੰਘ ਜੀ, ਜਿਨ੍ਹਾਂ ਨੇ ਜਪੁ ਸਾਹਿਬ ਦਾ ਸੰਸਕ੍ਰਿਤ ਭਾਸਾ ਵਿੱਚ "ਗੁਢਾਰਥਦੀਪਿਕਾ" ਟੀਕਾ ਲਿਖਿਆ ਹੈ।#੫. ਨਿਹਾਲ ਸਿੰਘ ਰਾਜਾ. ਦੇਖੋ, ਕਪੂਰਥਲਾ.
Source: Mahankosh