Definition
ਅ਼. [نوُح] ਵਿਲਾਪ. ਕੀਰਨੇ ਪਾਉਣ ਦੀ ਕ੍ਰਿਯਾ। ੨. ਇੱਕ ਪੈਗ਼ੰਬਰ Noah. ਇਸ ਦਾ ਜਿਕਰ ਬਾਈਬਲ ਅਤੇ ਕ਼ੁਰਾਨ ਵਿੱਚ ਕਈ ਥਾਈਂ ਆਇਆ ਹੈ. ਜਦ ਆਦਮ ਦੀ ਦਸਵੀਂ ਪੀੜ੍ਹੀ ਦੱਸਿਆ ਗਿਆ ਹੈ. ਜਦ ਇਸ ਦੀ ਪ੦੦ ਵਰ੍ਹੇ ਦੀ ਉਮਰ ਹੋਈ, ਤਦ ਇਸ ਦੇ ਘਰ ਤਿੰਨ ਬੇਟੇ (ਸਾਮ, ਹ਼ਾਮ ਅਰ ਯਾਫ਼ਸ) ਪੈਦਾ ਹੋਏ. ਉਸ ਸਮੇਂ ਸੰਸਾਰ ਵਿੱਚ ਘੋਰ ਪਾਪ ਹੋ ਰਹੇ ਸਨ, ਖ਼ੁਦਾ ਨੇ ਸਾਰੀ ਪ੍ਰਿਥਿਵੀ ਗਰਕ ਕਰਦੇਣੀ ਚਾਹੀ, ਪਰ ਨੂਹ ਪੁਰ ਕ੍ਰਿਪਾ ਕਰਕੇ ਹੁਕਮ ਦਿੱਤਾ ਕਿ ਉਹ ਆਪਣੇ ਪਰਿਵਾਰ ਨੂੰ, ਅਤੇ ਪ੍ਰਿਥਿਵੀ ਦੇ ਹਰੇਕ ਜੀਵ ਦਾ ਜੋੜਾ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਕਰੇ, ਅਰ ਜੋ ਉਸ ਦੀ ਕਿਸ਼ਤੀ ਵਿੱਚ ਹੋਣਗੇ, ਓਹ ਪ੍ਰਲੈ ਤੋਂ ਬਚ ਜਾਣਗੇ. ਨੂਹ ਨੇ ਖੁਦਾ ਦੇ ਹੁਕਮ ਅਨੁਸਾਰ ਤਿੰਨ ਸੌ ਹੱਥ ਦੀ ਲੰਮੀ, ਪੰਜਾਹ ਹੱਥ ਦੀ ਚੌੜੀ ਅਤੇ ਤੀਹ ਹੱਥ ਉੱਚੀ ਬੇੜੀ ਬਣਾਈ. ਉਸ ਵਿੱਚ ਖੁਰਾਕ ਦਾ ਸਾਮਾਨ ਰੱਖਕੇ ਅਤੇ ਆਪਣੇ ਕੁਟੰਬ ਅਰ ਹਰ ਨਸਲ ਦੇ ਜੀਵ ਜੰਤਾਂ ਦਾ ਜੋੜ ਲੈਕੇ ਪ੍ਰਵੇਸ਼ ਹੋ ਗਿਆ ਅਰ ਰਾਲ ਨਾਲ ਕਿਸ਼ਤੀ ਦਾ ਮੂੰਹ ਬੰਦ ਕਰਦਿੱਤਾ. ਜਦ ਇਹ ਕਾਰਜ ਹੋਲਿਆ, ਤਾਂ ੪੦ ਦਿਨ ਮੂਸਲਧਾਰ ਵਰਖਾ ਨਾਲ ਸਾਰੀ ਪ੍ਰਿਥਵੀ ਜਲ ਵਿੱਚ ਡੋਬੀ ਗਈ, ਅਰ ਪਹਾੜਾਂ ਦੀ ਚੋਟੀ ਤੋਂ ੧ਪ ਹੱਥ ਪਾਣੀ ਉੱਚਾ ਚੜ੍ਹਗਿਆ. ਬਾਰਾਂ ਮਹੀਨੇ ਪਿੱਛੋਂ ਜ਼ਮੀਨ ਦਾ ਪਾਣੀ ਖੁਸ਼ਕ ਹੋਇਆ ਅਤੇ ਨੂਹ ਸਭ ਜੀਵਾਂ ਸਮੇਤ ਕਿਸ਼ਤੀ ਤੋਂ ਬਾਹਰ ਆਇਆ ਅਰ ਜੋ ਜੀਵ ਉਸ ਨਾਲ ਕਿਸ਼ਤੀ ਵਿੱਚ ਰਹੇ ਸਨ, ਉਨ੍ਹਾਂ ਦੀ ਨਸਲ ਸੰਸਾਰ ਵਿੱਚ ਫੈਲੀ. ਨੂਹ ਦੀ ਸਾਰੀ ਉਮਰ ਨੌ ਸੌ ਵਰ੍ਹੇ ਦੀ ਸੀ. ਨੂਹ ਸ਼ਬਦ "ਮਨੁ" ਦਾ ਹੀ ਰੁਪਾਂਤਰ ਹੈ. ਦੇਖੋ, ਮਨੁ। ੩. ਦੇਖੋ, ਨੂੰਹ.
Source: Mahankosh