ਪੁਣਛ
punachha/punachha

Definition

ਰਿਆਸਤ ਕਸ਼ਮੀਰ ਦੇ ਅੰਤਰਗਤ ਇੱਕ ਪਹਾੜੀ ਰਿਆਸਤ ਅਤੇ ਉਸ ਦਾ ਪ੍ਰਧਾਨ ਨਗਰ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸੇਵਕ ਰਾਜਾ ਧ੍ਯਾਨ ਸਿੰਘ ਡੋਗਰੇ ਦੀ ਔਲਾਦ ਰਾਜ ਕਰਦੀ ਹੈ. ਪੁਣਛ ਦੀ ਸਮੁੰਦਰ ਤੋਂ ਉਚਾਈ ੩੩੦੦ ਫੁਟ ਹੈ. ਦੇਖੋ, ਧ੍ਯਾਨ ਸਿੰਘ.#ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪ੍ਰੇਮੀ ਆ਼ਮਿਲ ਸਿੱਖ ਭਾਈ ਫੇਰੂ ਸਿੰਘ ਨੂੰ ਕਸ਼ਮੀਰ ਦੇ ਇਲਾਕੇ ਸਿੱਖ ਧਰਮ ਦੇ ਪ੍ਰਚਾਰ ਲਈ ਭੇਜਿਆ, ਜਿਸ ਨੇ ਬਹੁਤ ਸਿੰਘ ਸਜਾਏ ਅਰ ਗੁਰਮਤ ਦੇ ਨਿਯਮ ਦ੍ਰਿੜ੍ਹਾਏ. ਇਨ੍ਹਾਂ ਦੇ ਚਾਟੜਿਆਂ (ਭਾਈ ਪੰਜਾਬਸਿੰਘ ਜੀ, ਭਾਈ ਰੋਚਾਸਿੰਘ ਜੀ)¹ ਨੇ ਭੀ ਉੱਤਮ ਪ੍ਰਚਾਰ ਕੀਤਾ. ਭਾਈ ਰੋਚਾਸਿੰਘ ਜੀ ਦੇ ਚਾਟੜੇ ਭਾਈ ਮੇਲਾਸਿੰਘ ਜੀ ਨੇ ਪੁਣਛ ਤੋਂ ਚੜ੍ਹਦੇ ਵੱਲ ਤਿੰਨਕੁ ਮੀਲ ਨਗਾਲੀ ਪਿੰਡ ਵਿੱਚ ਡੇਰਾ ਬਣਾਕੇ ਕਸ਼ਮੀਰ ਦੇ ਇਲਾਕੇ ਵਿੱਚ ਗੁਰਮਤ ਦੇ ਪ੍ਰਚਾਰ ਕਾ ਕੰਮ ਅਰੰਭਿਆ ਅਤੇ ਵਡੀ ਸਫਲਤਾ ਹੋਈ.#ਮੇਲਾ ਸਿੰਘ ਜੀ ਦਾ ਜਨਮ ਕੋਟੇਹੜੀ ਪਿੰਡ (ਪੁਣਛਰਾਜ) ਅੰਦਰ ਫੱਗੁਣ ਸੰਮਤ ੧੮੪੦ ਵਿੱਚ ਅਤੇ ਦੇਹਾਂਤ ੨੨ ਕੱਤਕ ਸੰਮਤ ੧੯੧੧ ਨੂੰ ਹੋਇਆ ਹੈ.#ਨਗਾਲੀ ਦੇ ਡੇਰੇ ਨੂੰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਾਗੀਰ ਦਿੱਤੀ, ਫੇਰ ਅੱਠ ਪਿੰਡ ਰਾਜਾ ਗੁਲਾਬ ਸਿੰਘ ਨੇ ਅਰਪੇ.#ਇਸ ਵੇਲੇ ਭਾਈ ਮੰਗਲ ਸਿੰਘ ਜੀ ਮਹੰਤ ਹਨ ਅਤੇ ਗੁਰਮਤ ਦਾ ਪ੍ਰਚਾਰ ਕਰ ਰਹੇ ਹਨ.
Source: Mahankosh