Definition
ਕਾਮਸ਼ਾਸਤ੍ਰ ਅਨੁਸਾਰ ਪਦਮਿਨੀ ਚਿਤ੍ਰਿਨੀ ਸ਼ੰਖਿਨੀ ਅਤੇ ਹਸ਼੍ਤਿਨੀ ਇਸਤ੍ਰੀ ਜਾਤਿ ਵਾਂਙ ਪੁਰਖ ਦੇ ਚਾਰ ਭੇਦ- ਸ਼ਸ਼ਕ, ਮ੍ਰਿਗ, ਵ੍ਰਿਸ (ਵ੍ਰਿਸਭ) ਅਤੇ ਵਾਜੀ (ਤੁਰੰਗ)#(ੳ) ਜਿਸ ਦਾ ਸ਼ਰੀਰ ਸੁਡੌਲ, ਨੇਤ੍ਰ ਮ੍ਰਿਗ ਜੇਹੇ, ਚੇਹਰਾ ਖਿੜਿਆ ਹੋਇਆ, ਰੰਗ ਗੋਰਾ, ਚੌੜਾ ਮੱਥਾ, ਦੰਦ ਉੱਜਲ ਅਤੇ ਵਿਰਲੇ, ਕੇਸ਼ ਕੋਮਲ, ਨੱਕ ਤਿੱਖਾ ਅਤੇ ਲੰਮੀਆਂ ਬਾਹਾਂ ਹਨ. ਜੋ ਚਤੁਰ, ਉੱਦਮੀ, ਧਰਮੀ, ਉਪਕਾਰੀ, ਭੋਗ ਦੀ ਘੱਟ ਇੱਛਾ ਰੱਖਣ ਵਾਲਾ, ਸਤ੍ਯਵਕਤਾ ਹੈ, ਉਹ "ਸ਼ਸ਼ਕ" ਹੈ. ਇਸ ਨਾਲ ਪਦਮਿਨੀ ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਚਾਹੀਏ.#(ਅ) ਸੁੰਦਰ, ਚਪਲ, ਮਿਹਨਤੀ, ਤੁਰਨ ਵਿੱਚ ਚਾਲਾਕ, ਹਾਸ੍ਯਰਸ ਨਾਚ ਗਾਯਨ ਅਤੇ ਦਿਖਾਵੇ (ਆਡੰਬਰ) ਦਾ ਪ੍ਰੇਮੀ, ਆਮਦਨ ਤੋਂ ਜਾਦਾ ਖਰਚ ਕਰਨ ਵਾਲਾ, ਬਹੁਤ ਮਿਤ੍ਰ ਵਧਾਉਣ ਵਾਲਾ, "ਮ੍ਰਿਗ" ਪੁਰਖ ਹੈ. ਇਸ ਨਾਲ ਚਿਤ੍ਰਿਨੀ ਇਸਤ੍ਰੀ ਦਾ ਸੰਬੰਧ ਹੋਣਾ ਯੋਗ੍ਯ ਹੈ.#(ੲ) ਸਿਰ ਵਡਾ, ਨੇਤ੍ਰ ਔਸਤ ਦਰਜੇ ਦੇ, ਮੱਥਾ ਅੰਦਰ ਨੂੰ ਝੁਕਿਆ ਹੋਇਆ, ਵਾਲ ਮੋਟੇ ਅਤੇ ਰੁੱਖੇ, ਬਲਵਾਨ, ਕੰਮ ਕਰਦਾ ਨਾ ਥੱਕਣ ਵਾਲਾ, ਨੱਕ ਚੌੜਾ, ਕੰਨਾਂ ਤੇ ਰੋਮ, ਦੰਦ ਸੰਘਣੇ, ਭੋਗ ਦੀ ਬਹੁਤੀ ਇੱਛਾ ਵਾਲਾ "ਵ੍ਰਿਖਭ" ਪੁਰਭ ਹੈ. ਇਸ ਨਾਲ ਸੰਖਿਨੀ ਜਾਤਿ ਦੀ ਇਸਤ੍ਰੀ ਦਾ ਮੇਲ ਹੈ.#(ਸ) ਵਾਜੀ (ਅਸ਼੍ਵ ਅਥਵਾ ਤੁਰੰਗ) ਪੁਰਖ ਉਹ ਹੈ, ਜੋ ਬਹੁਤ ਘਮੰਡੀ, ਲੜਾਕਾ, ਫਰੇਬੀ ਅਤੇ ਸ੍ਵਾਰਥੀ ਹੈ. ਜਿਸ ਦਾ ਸ਼ਰੀਰ ਸੁਡੌਲ ਨਹੀਂ, ਅੰਗ ਮੋਟੇ ਰੋਮਾਂ ਨਾਲ ਢਕੇ ਹੋਏ ਹਨ, ਕਾਮ ਦੇ ਅਧੀਨ ਹੈ, ਧਨ ਦਾ ਪ੍ਰੇਮੀ, ਮਿਹਨਤ ਤੋਂ ਕੰਨੀ ਕਤਰਾਉਣ ਵਾਲਾ, ਵਚਨ ਦੀ ਪਾਲਣਾ ਨਾ ਕਰਨ ਵਾਲਾ, ਹਠੀਆ, ਮਲੀਨ ਰਹਿਣ ਵਾਲਾ, ਦਯਾ ਤੋਂ ਖਾਲੀ ਹੈ. ਇਸ ਨਾਲ "ਹਸਤਿਨੀ" ਜਾਤਿ ਦੀ ਇਸਤ੍ਰੀ ਦਾ ਸੰਬੰਧ ਹੋਣਾ ਠੀਕ ਹੈ.
Source: Mahankosh