ਪੇਚਿਸ਼
paychisha/pēchisha

Definition

ਫ਼ਾ. [پیچش] ਸੰ. प्रवाहिका- ਪ੍ਰਵਾਹਿਕਾ ਅਥਵਾ मुररातिसार- ਮੁਰਰਾਤਿਸਾਰ. Dysentery. ਲੀਹ. ਇਸ ਦੇ ਕਾਰਣ ਹਨ- ਮੈਲਾ ਪਾਣੀ ਦੁੱਧ ਪੀਣਾ, ਸੜੇ ਫਲ ਅੰਨ ਮਾਸ ਖਾਣੇ ਖਾਣ ਵਾਲੀ ਚੀਜਾਂ ਤੇ ਮੱਖੀਆਂ ਦਾ ਬੈਠਣਾ, ਬਹੁਤ ਖਾਣਾ, ਬਿਨਾ ਭੁੱਖ ਖਾਣਾ, ਮਲ ਨੂੰ ਰੋਕ ਰੱਖਣਾ, ਬਹੁਤ ਪਾਣੀ ਪੀਣਾ, ਤਿੱਖੇ ਗਰਮ ਪਦਾਰਥ ਖਾਣੇ ਪੀਣੇ ਆਦਿ.#ਇਸ ਦੇ ਲੱਛਣ ਹਨ- ਮਰੋੜ ਨਾਲ ਦਸਤ ਆਉਣੇ, ਅਣਪਚਿਆ ਅੰਨ ਆਂਉਂ ਨਾਲ ਖਾਰਿਜ ਹੋਣਾ, ਆਂਤ ਦਾ ਬੋਲਣਾ, ਅੰਤੜੀ ਤੋਂ ਲਹੂ ਆਉਣਾ, ਥੋੜਾ ਥੋੜਾ ਤਾਪ ਹੋਣਾਂ, ਕਦੇ ਕਬਜ ਹੋਣੀ, ਰਾਤ ਨੂੰ ਪਸੀਨਾ ਆਉਣਾ ਆਦਿ.#ਇਸ ਦੇ ਇਲਾਜ ਹਨ-#(੧) ਥੋੜਾ ਇਰੰਡੀ ਦਾ ਤੇਲ ਦੁੱਧ ਵਿੱਚ ਪੀਣਾ.#(੨) ਬਿਲ ਦਾ ਗੁੱਦਾ ਉਬਾਲਕੇ ਚਾਇ ਵਾਂਙ ਪੀਣਾ.#(੩) ਕੁੜਾ ਛਾਲ, ਅਤੀਸ, ਮੋਥਾ, ਬਾਲਛੜ, ਲੋਧ, ਚੰਨਣ ਦਾ ਬੂਰ, ਬਹੇੜਾ, ਅਨਾਰਦਾਣਾ, ਪਲਾਹਜੜੀ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ.#(੪) ਈਸਬਗੋਲ ਦਾ ਬੁਰਾਦਾ ਸ਼ਰਬਤ ਅੰਜਵਾਰ ਨਾਲ ਫੱਕਣਾ.#(੫) ਡੇਢ ਤੋਲਾ ਈਸਬਗੋਲ ਬਦਾਮਰੋਗਨ ਨਾਲ ਝੱਸਕੇ ਦੋ ਤੋਲੇ ਸ਼ਰਬਤ ਬਨਫ਼ਸ਼ਾ ਨਾਲ ਫੱਕਣੀ.#(੬) ਸੌਂਫ ਅਤੇ ਜੰਗਹਰੜਾਂ ਨੂੰ ਘੀ ਵਿੱਚ ਭੁੰਨਕੇ ਉਨ੍ਹਾਂ ਨੂੰ ਬਰੀਕ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਸਵੇਰੇ ਅਤੇ ਸੰਝ ਛੀ ਛੀ ਮਾਸ਼ੇ ਦੀ ਫੱਕੀ ਲੈਣੀ.
Source: Mahankosh