ਪ੍ਰਸਾਰਿਣੀ ਤੇਲ
prasaarinee tayla/prasārinī tēla

Definition

प्रसारिणी तेल. ਪ੍ਰਸਾਰਿਣੀ ਦਾ ਤੇਲ, ਜਿਸ ਦੇ ਬਣਾਉਣ ਦੀ ਜੁਗਤਿ ਇਹ ਹੈ- ਚਾਰ ਸੌ ਤੋਲਾ ਪ੍ਰਸਾਰਿਣੀ ਦਵਾਈ ਨੂੰ ਇੱਕ ਦ੍ਰੋਣ (ਬੱਤੀ ਸੇਰ ਕੱਚੇ) ਪਾਣੀ ਵਿੱਚ ਕਾੜ੍ਹੇ, ਜਦ ਚੌਥਾ ਹਿੱਸਾ ਪਾਣੀ ਰਹਿ ਜਾਵੇ, ਤਾਂ ਉਸ ਨੂੰ ਉਤਾਰਕੇ ਛਾਣ ਲਵੇ. ਕਾੜ੍ਹੇ ਦੇ ਤੋਲ ਬਰਾਬਰ ਤੇਲ ਦਹੀਂ ਅਤੇ ਕਾਂਜੀ ਮਿਲਾਵੇ. ਤੇਲ ਤੋਂ ਚੌਗੁਣਾ ਗਊ ਦਾ ਦੁੱਧ ਪਾਵੇ. ਇਹ ਸਭ ਚੀਜਾਂ ਕੜਾਹੀ ਵਿੱਚ ਪਾਕੇ ਇਨ੍ਹਾਂ ਵਿੱਚ ਹੇਠ ਲਿਖੀਆਂ ਦਵਾਈਆਂ ਦਾ ਨੁਗਦਾ ਬਣਾਕੇ ਸੁੱਟੇ-#ਮੁਲੱਠੀ, ਪਿੱਪਲਾ ਮੂਲ, ਚਿੱਤੇ ਦੀ ਛਿੱਲ, ਸੇਂਧਾ ਲੂਣ, ਬਚ, ਪ੍ਰਸਾਰਿਣੀ, ਦੇਵਦਾਰੁ, ਰਾਇਸਨ, ਗਜ ਪਿੱਪਲ, ਭਲਾਵੇ, ਸੌਂਫ, ਜਟਾਮਾਸੀ, ਇਹ ਬਾਰਾਂ ਦਵਾਈਆਂ ਇੱਕੋ ਤੋਲ ਦੀਆਂ, ਤੇਲ ਤੋਂ ਅੱਠਵੇਂ ਹਿੱਸੇ ਹੋਣ. ਜਦ ਤੇਲਮਾਤ੍ਰ ਪੱਕਕੇ ਰਹਿਜਾਵੇ, ਤਾਂ ਉਸ ਨੂੰ ਛਾਣਕੇ ਸ਼ੀਸ਼ੇ ਵਿੱਚ ਪਾਵੇ. ਇਸ ਦੀ ਮਾਲਿਸ਼ ਕਰਨ ਤੋਂ ਵਾਤ ਅਤੇ ਕਫ਼ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ. ਝੋਲਾ, ਲਕਵਾ, ਧੁਣਖਵਾਉ ਆਦਿ ਰੋਗਾਂ ਵਿੱਚ ਇਹ ਤੇਲ ਬਹੁਤ ਗੁਣਕਾਰੀ ਹੈ.
Source: Mahankosh