Definition
ਸੰ. प्रकृत. ਵਿ- ਸ੍ਵਾਭਾਵਿਕ. ਕੁਦਰਤੀ। ੨. ਸੰਸਾਰੀ. ਲੌਕਿਕ। ੩. ਸਾਧਾਰਣ. ਮਾਮੂਲੀ। ੪. ਸੰਗ੍ਯਾ- ਸਮੇਂ ਦੇ ਫੇਰ ਅਤੇ ਅਨੇਕ ਭਾਖਾ ਬੋਲਣ ਵਾਲੇ ਲੋਕਾਂ ਦੇ ਮੇਲ ਮਿਲਾਪ ਤੋਂ ਸ੍ਵਾਭਾਵਿਕ ਬਣੀ ਹੋਈ ਇੱਕ ਬੋਲੀ. ਇਹ ਅਸਲ ਸੰਸਕ੍ਰਿਤ ਤੋਂ ਵਿਗੜੀ ਹੋਈ ਭਾਸਾ ਹੈ, ਜੋ ਪੁਰਾਣੇ ਸਮੇਂ ਨਾਟਕਾਂ ਵਿੱਚ ਬਹੁਤ ਵਰਤੀ ਜਾਂਦੀ ਸੀ.#ਭਾਸਾ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਰਾਜੇ, ਅਹਿਲਕਾਰ, ਪੰਡਿਤ ਅਤੇ ਪਿੰਡਾਂ ਦੇ ਗਵਾਰ, ਅਰ ਨੀਚ ਜਾਤਿ ਦੇ ਲੋਕ ਜਦ ਪਰਸਪਰ ਬਾਤਚੀਤ ਕਰਦੇ ਸਨ, ਤਦ ਇੱਕ ਮਿਸ਼੍ਰਿਤ ਭਾਸਾ ਸੁਭਾਵਿਕ ਹੀ ਬਣ ਗਈ.#ਭਾਵੇਂ ਹਿੰਦੀ ਉਰਦੂ ਬੰਗਾਲੀ ਪੰਜਾਬੀ ਆਦਿ ਸਭ ਪ੍ਰਾਕ੍ਰਿਤ ਭਾਸਾ ਹਨ, ਪਰ ਖਾਸ ਕਰਕੇ ਉਸ ਬੋਲੀ ਦੀ ਪ੍ਰਾਕ੍ਰਿਤ ਸੰਗ੍ਯਾ ਹੋਈ, ਜੋ ਸੰਸਕ੍ਰਿਤ ਬੋਲਣ ਦੇ ਜ਼ਮਾਨੇ ਤੋਂ ਪਿੱਛੋਂ ਮਿਲੀ ਹੋਈ ਭਾਸਾ ਸੀ.#ਪ੍ਰਾਕ੍ਰਿਤ ਵਿੱਚ अ आ इ ई उ ऊ ए ओ ਇਹ ਅੱਠ ਸ੍ਵਰ ਅਤੇ क ख ग घ, च छ ज झ, ट ठ ड ढ ण, त थ द ध, प फ ब भ म, य र ल व स ह ਇਹ ੨੮ ਵ੍ਯੰਜਨ ਹਨ.#ਦੇਖੋ, ਸਹਸਕਿਰਤ ਅਤੇ ਗਾਥਾ.
Source: Mahankosh