ਪ੍ਰੀਤਮਦਾਸ
preetamathaasa/prītamadhāsa

Definition

ਇੱਕ ਮਹਾਤਮਾ ਉਦਾਸੀ ਸਾਧੂ, ਜੋ ਸੰਗਤਦਾਸ ਜੀ ਦਾ ਸੰਮਤ ੧੮੨੦ ਵਿੱਚ ਚੇਲਾ ਹੋਇਆ. ਇਸ ਨੂੰ "ਨਿਰਬਾਣ" ਪਦਵੀ ਅਤੇ ਵਿਭੂਤ (ਭਸਮ) ਦਾ ਗੋਲਾ ਮਹਾਤਮਾ ਬਨਖੰਡੀ ਜੀ ਨੇ ਦਿੱਤਾ. ਪ੍ਰੀਤਮਦਾਸ ਜਦ ਧਰਮਪ੍ਰਚਾਰ ਕਰਦਾ ਹੈਦਰਾਬਾਦ ਦੱਖਣ ਪਹੁਁਚਿਆ, ਤਦ ਦੀਵਾਨ ਚੰਦੂਲਾਲ ਦਾ ਚਾਚਾ ਨਾਨਕਚੰਦ ਇਸ ਦਾ ਸੇਵਕ ਹੋ ਗਿਆ. ਪ੍ਰੀਤਮਦਾਸ ਨੇ ਇੱਛਾ ਪ੍ਰਗਟ ਕੀਤੀ ਕਿ ਤੀਰਥਾਂ ਪੁਰ ਗੁਰੂ ਨਾਨਕਪੰਥੀ ਸਾਧੂਆਂ ਦੇ ਖਾਨ ਪਾਨ ਦਾ ਯੋਗ ਪ੍ਰਬੰਧ ਹੋਣਾ ਚਾਹੀਏ. ਇਸ ਪੁਰ ਨਾਨਕਚੰਦ ਨੇ ਬਹੁਤ ਰੁਪਯਾ ਦਿੱਤਾ, ਜਿਸ ਨੂੰ ਪਰੋਪਕਾਰੀ ਪ੍ਰੀਤਮਦਾਸ ਨੇ ਪ੍ਰਯਾਗ ਵਿੱਚ ਲਿਆਕੇ ਭੇਖ ਦੇ ਸਪੁਰਦ ਕੀਤਾ ਅਰ ਸੰਮਤ ੧੮੩੬ ਵਿੱਚ ਪੰਚਾਇਤੀ ਅਖਾੜਾ ਕਾਇਮ ਕੀਤਾ.#ਸੰਮਤ ੧੮੩੮ ਵਿੱਚ ਰਾਵੀ ਤੋਂ ਨਹਿਰ (ਹਸਲੀ) ਲਿਆਕੇ ਅਮ੍ਰਿਤਸਰੋਵਰ ਵਿੱਚ ਜਲ ਪਾਉਣ ਦੀ ਸੇਵਾ ਪ੍ਰੀਤਮਦਾਸ ਅਤੇ ਸੰਗਤਦਾਸ ਜੀ ਨੇ ਪਰਮ ਉੱਤਮ ਕੀਤੀ.#ਪ੍ਰੀਤਮਦਾਸ ਜੀ ਦਾ ਜਨਮ ਹੁਸ਼ਿਆਰਪੁਰ ਸੰਮਤ ੧੮੦੯ ਵਿੱਚ ਅਤੇ ਦੇਹਾਂਤ ਅਮ੍ਰਿਤਸਰ ਵਿੱਚ ਸੰਮਤ ੧੮੮੮ ਵਿੱਚ ਹੋਇਆ. ਸੰਗੁਲਵਾਲਾ ਅਖਾੜਾ ਇਸ ਸੰਤ ਦਾ ਪ੍ਰਸਿੱਧ ਅਸਥਾਨ ਅੰਮ੍ਰਿਤਸਰ ਵਿੱਚ ਹੈ.
Source: Mahankosh