Definition
ਸੰ. पञ्चाल. ਮਹਾਭਾਰਤ ਤੋਂ ਪਤਾ ਲੱਗਦਾ ਹੈ ਕਿ ਇਹ ਦੇਸ਼ ਊਰਧ ਦੁਆਬ ਵੱਲ ਸੀ. ਗੁਰੁਪ੍ਰਤਾਪ ਸੂਰਯ ਤੋਂ ਭੀ ਇਸ ਦੀ ਤਾਈਦ ਹੁੰਦੀ ਹੈ, ਯਥਾ- "ਦੇਸ ਪੰਚਾਲ ਰਸਾਲ ਸਨਾਤਨ ਤੀਰਥ ਰਾਜ ਸੁਧਾਸਰ ਜਾਨਾ." ਕਈ ਆਖਦੇ ਹਨ ਇਸ ਦੇ ਨਾਲ ਹਸਤਿਨਾਪੁਰ (ਮੇਰਟ ਦਾ ਜਿਲਾ) ਭੀ ਲੱਗਦਾ ਸੀ. ਮਨੂ ਪੰਚਾਲ ਦੇਸ ਕਨੌਜ ਪਾਸ ਦਸਦਾ ਹੈ. ਵਿਲਸਨ (Wilson) ਲਿਖਦਾ ਹੈ ਕਿ ਉੱਤਰ ਪੱਛਮ ਵੱਲ ਦੇਹਲੀ ਤੋਂ ਲੈ ਕੇ ਚੰਬਲ ਨਦੀ ਤਕ ਦੇਸ਼ ਦਾ ਨਾਮ ਪੰਚਾਲ ਹੈ. ਗੰਗਾ ਨਦੀ ਨਾਲ ਇਸ ਦੇ ਦੋ ਭਾਗ ਹੋ ਗਏ ਸਨ. ਉੱਤਰੀ ਪੰਚਾਲ ਅਤੇ ਦੱਖਣੀ ਪੰਚਾਲ. ਕਨਿੰਗਮ (Cunningham) ਲਿਖਦਾ ਹੈ ਕਿ ਉੱਤਰੀ ਪੰਚਾਲ ਰੁਹੇਲਖੰਡ ਸੀ ਅਤੇ ਦੱਖਣੀ ਪੰਚਾਲ ਗੰਗਾ ਜਮਨਾ ਦਾ ਦੁਆਬ ਸੀ. ਰੁਹਲੇਖੰਡ ਅਥਵਾ ਉੱਤਰੀ ਪੰਚਾਲ ਦੀ ਰਾਜਧਾਨੀ "ਅਹਿਛਤ੍ਰ" ਸੀ, ਜਿਸ ਦੇ ਖੰਡਰਾਤ ਰਾਮਨਗਰ ਦੇ ਪਾਸ ਹਨ, ਅਤੇ ਦੱਖਣੀ ਦੀ ਰਾਜਧਾਨੀ "ਕਾਂਪਿਲ੍ਯ" ਪੁਰਾਣੀ ਗੰਗਾ ਦੇ ਪਾਸ ਬਦਾਉਂ ਅਤੇ ਫ਼ਰੁੱਖ਼ਾਬਾਦ ਦੇ ਮੱਧ ਸੀ.#ਵਿਸਨੁਪੁਰਾਣ ਅੰਸ਼ ੪. ਅਃ ੧੯. ਵਿੱਚ ਲੇਖ ਹੈ ਕਿ ਭਰਤਵੰਸ਼ੀ ਰਾਜਾ ਹਰਯਸ਼੍ਵ ਦੇ ਪੰਜ ਪੁਤ੍ਰਾਂ (ਮੁਦਗਣ, ਸ੍ਰਿੰਜਯ, ਵ੍ਰਿਹਦਿਸੁ, ਪ੍ਰਵੀਰ, ਕਾਂਪਿਲ੍ਯ) ਦਾ ਦੇਸ਼ ਹੋਣ ਕਰਕੇ ਪੰਚਾਲ ਸੰਗ੍ਯਾ ਹੋਈ.
Source: Mahankosh