ਪੰਜਾਸਾਹਿਬ
panjaasaahiba/panjāsāhiba

Definition

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹਸਨ ਅਬਦਾਲ ਗ੍ਰਾਮ ਪਾਸ ਇੱਕ ਸਿਲਾ ਪੁਰ ਲੱਗਿਆ ਹੋਇਆ ਹੱਥ ਦਾ ਚਿੰਨ੍ਹ, ਜਿੱਥੇ ਹੁਣ ਪ੍ਰਸਿੱਧ ਗੁਰਦ੍ਵਾਰਾ ਹੈ. ਪੰਜਾਸਾਹਿਬ ਦੇ ਪਾਸ ਜਲ ਦਾ ਚਸ਼ਮਾ ਹੈ, ਜਿਸ ਦਾ ਬਹੁਤ ਨਿਰਮਲ ਜਲ ਛੋਟੇ ਤਾਲ ਵਿੱਚ ਜਮਾ ਹੋਕੇ ਵਹਿਂਦਾ ਰਹਿਂਦਾ ਹੈ. ਸੰਗਤਿ ਨੇ ਖੋਜ ਕਰਕੇ ਨਿਸ਼ਚਾ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ੧. ਸਾਵਣ ਨੂੰ ਪਧਾਰੇ ਹਨ ਅਤੇ ਇਸੇ ਦਿਨ ਪੰਜਾ ਲੱਗਾ ਹੈ.#ਰੇਲਵੇ ਸਟੇਸ਼ਨ ਹਸਨਅਬਦਾਲ ਤੋਂ ਇਹ ਗੁਰਅਸਥਾਨ ਅੱਧ ਮੀਲ ਦੱਖਣ ਪੱਛਮ ਹੈ. ਗੁਰਦ੍ਵਾਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਰਪੀ ਪੰਜ ਸੌ ਰੁਪਯਾ ਸਾਲਾਨਾ ਜਾਗੀਰ ਹੈ. ਕੁਝ ਜ਼ਮੀਨ ਗੁਰਦ੍ਵਾਰੇ ਨਾਲ ਹੈ, ਪਨਚੱਕੀਆਂ ਦੀ ਭੀ ਆਮਦਨ ਹੈ. ਸਨ ੧੯੨੦ ਦੇ ਅੰਤ ਇਸ ਪਵਿਤ੍ਰ ਗੁਰਧਾਮ ਦੇ ਪ੍ਰਬੰਧ ਦਾ ਸੁਧਾਰ ਹੋਇਆ, ਹੁਣ ਗੁਰਸਿੱਖਾਂ ਦੀ ਕਮੇਟੀ ਗੁਰਦ੍ਵਾਰੇ ਦਾ ਉੱਤਮ ਪ੍ਰਬੰਧ ਕਰ ਰਹੀ ਹੈ, ਜਾਤ੍ਰੀਆਂ ਦੇ ਆਰਾਮ ਅਤੇ ਲੰਗਰ ਦਾ ਚੰਗਾ ਇੰਤਜਾਮ ਹੈ. ਬਹੁਤ ਇਮਾਰਤ ਬਣ ਗਈ ਹੈ ਅਤੇ ਦਿਨੋ ਦਿਨ ਹੋਰ ਬਣਦੀ ਜਾਂਦੀ ਹੈ. ਪੇਸ਼ਾਵਰ ਦੀ ਸੰਗਤ ਨੇ ਇੱਕ ਸੁੰਦਰ ਸਰਾਇ ਬਣਵਾ ਦਿੱਤੀ ਹੈ.#ਮਹਾਰਾਜਾ ਨਾਭਾ ਨੇ ਪ੍ਰਸਿੱਧ ਕਵਿ ਗ੍ਵਾਲ ਨੇ ਪੰਜਾਸਾਹਿਬ ਬਾਬਤ ਲਿਖਿਆ ਹੈ.#"ਪਰ੍‍ਵਤ ਪੈ ਪਾਨੀ ਕੀ ਜਲੂਸ ਕੋ ਜਗੈਯਾ ਪੀਰ#ਵਾਂਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ,#ਸਿੱਖਨ ਕੇ ਪਾਲਬੇ ਕੋ ਵਿਸ੍ਨੁ ਪਾਣਿ ਪਦਮ ਜੈਸੋ#ਦਾਰਿਦ ਦੁਖਨ ਕੋ ਤ੍ਰਿਸੂਲਿ ਸਮ ਗੰਜਾ ਹੈ,#ਗ੍ਵਾਲ ਕਵਿ ਅਰਜ ਕਰੈਯਨ ਕੀ ਪੂਰੇ ਗਜ਼#ਤੁਰਕਨ ਤੇਜ ਤੂਲ ਤੁੰਗਨ ਕੋ ਭੰਜਾ ਹੈ,#ਗਿਰਿ ਕੋ ਗਿਰਤ ਥਾਂਭਲਿਯੋ ਸੋ ਪ੍ਰਤੱਖ ਅਜੌਂ#ਦੇਖੋ! ਸ੍ਵਛ ਐਸੋ ਗੁਰੁ ਨਾਨਕ ਕੋ ਪੰਜਾ ਹੈ.#੨. ਹੁਣ ਹਸਨਅਬਦਾਲ ਦਾ ਨਾਮ ਭੀ ਪੰਜਾਸਾਹਿਬ ਪ੍ਰਸਿੱਧ ਹੋ ਗਿਆ ਹੈ, ਭਾਵੇਂ ਬਹੁਤ ਲੋਕ ਹਸਨਅਬਦਾਲ ਭੀ ਆਖਦੇ ਹਨ. ਹਸਨਅਬਦਾਲ ਰਾਵਲਪਿੰਡੀ ਤੋਂ ੨੯ ਮੀਲ ਹੈ. ਦੇਖੋ, ਹਸਨਅਬਦਾਲ.
Source: Mahankosh