Definition
ਸੰ. ਸੰਗ੍ਯਾ- ਰਾਜਕਰ. ਮਹਿਸੂਲ (ਮੁਆਮਲਾ), ਜੋ ਜ਼ਮੀਨ ਪੁਰ ਲਗਾਇਆ ਜਾਂਦਾ ਹੈ। ੨. ਭੇਟਾ. ਉਪਹਾਰ. "ਤੇ ਭੀ ਬਲਿ ਪੂਜਾ ਉਰਝਾਏ." (ਵਿਚਿਤ੍ਰ) ੩. ਦੇਵਤਾ ਨੂੰ ਅਰਪਨ ਕੀਤਾ ਪਸ਼ੂ ਅਥਵਾ ਅੰਨ। ੪. ਕੁਰਬਾਨ. ਬਲਿਹਾਰ. "ਬਲਿਜਾਇ ਨਾਨਕ ਸਦਾ ਕਰਤੇ." (ਰਾਮ ਛੰਤ ਮਃ ੫) ਦੇਖੋ, ਬਲਿਦਾਨ। ੫. ਪ੍ਰਹਲਾਦ ਦਾ ਪੋਤਾ ਵਿਰੋਚਨ ਦਾ ਪੁਤ੍ਰ, ਜੋ ਵਿੰਧ੍ਯਾ ਵਲੀ ਦੇ ਉਦਰ ਤੋਂ ਪੈਦਾ ਹੋਇਆ. ਇਹ ਐਸਾ ਪ੍ਰਤਾਪੀ ਸੀ ਕਿ ਇੰਦ੍ਰ ਨੂੰ ਜਿੱਤਕੇ ਤਿੰਨ ਲੋਕਾਂ ਵਿੱਚ ਇਸ ਨੇ ਆਪਣਾ ਰਾਜਾ ਥਾਪਿਆ. ਦੇਵਤਿਆਂ ਦੇ ਆਖੇ ਵਿਸਨੁ ਨੇ ਬਲਿ ਨੂੰ ਛਲਣ ਲਈ ਵਾਮਨ ਅਵਤਾਰ ਧਾਰਿਆ ਅਰ ਬਲਿ ਤੋਂ ਢਾਈ ਅਤਵਾ ਤਿੰਨ ਕਦਮ ਜ਼ਮੀਨ ਮੰਗੀ. ਬਲਿ ਨੇ ਦੈਤਗੁਰੁ ਸ਼ੁਕ੍ਰ ਦੇ ਵਰਜਣ ਪੁਰ ਭੀ ਜ਼ਮੀਨ ਦਾ ਸੰਕਲਪ ਵਾਮਨ ਨੂੰ ਦੇ ਦਿੱਤਾ. ਵਾਮਨ ਨੇ ਆਪਣਾ ਸ਼ਰੀਰ ਵਧਾਕੇ ਦੋ ਕਦਮ ਨਾਲ ਪ੍ਰਿਥਿਵੀ ਅਤੇ ਆਕਾਸ਼ ਮਿਣ ਲਏ, ਤੀਜੇ ਕਦਮ ਵਿੱਚ ਬਲਿ ਦਾ ਸ਼ਰੀਰ ਲੈ ਲਿਆ. ਵਿਸਨੁ ਨੇ ਇਸ ਦੀ ਭਗਤੀ ਦੇਖਕੇ ਬਲਿ ਨੂੰ ਪਾਤਾਲ ਦਾ ਰਾਜਾ ਥਾਪਿਆ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਦਾ ਦ੍ਵਾਰਪਾਲ ਹੋਕੇ ਰਹਿਣਾ ਅੰਗੀਕਾਰ ਕੀਤਾ. "ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ." (ਮਾਰੂ) ੬. ਦੇਖੋ, ਬਲੀ। ੭. ਸ਼ਸਤ੍ਰਨਾਮਮਾਲਾ ਵਿੱਚ ਹਾਥੀ ਦਾ ਨਾਮ ਭੀ ਬਲਿ ਹੈ. ਦੇਖੋ, ਬਲਿਅਰਿ। ੮. ਦੇਖੋ, ਵਲਿ। ੯. ਕ੍ਰਿ. ਵਿ- ਬਲ ਕਰਕੇ. ਸ਼ਕਤਿ ਨਾਮ. "ਤਿਤੁ ਬਲਿ ਰੋਗੁ ਨ ਬਿਆਪੈ ਕੋਈ." (ਗਉ ਮਃ ੫)
Source: Mahankosh