ਬਾਈਧਾਰ
baaeethhaara/bāīdhhāra

Definition

ਪਹਾੜ ਦੀਆਂ ਬਾਈ ਧਾਰਾ (Range) ਜਲਧਾਰਾ (ਨਦੀਆਂ) ਕਰਕੇ ਪਹਾੜੀ ਇਲਾਕੇ ਦੇ ਬਣੇ ਹੋਏ ਭੇਦ, ਪਹਾੜੀ ਬਾਈ ਰਿਆਸਤਾਂ ਬਾਈਧਾਰ ਕਰਕੇ ਪ੍ਰਸਿੱਧ ਹਨ. ਇਨ੍ਹਾਂ ਵਿੱਚੋਂ ੧੧. ਜਲੰਧਰ ਦੇ ਹਲਕੇ ਵਿੱਚ ਅਤੇ ੧੧. ਡੂਗਰ ਹਲਕੇ ਵਿੱਚ ਹਨ. ਰਿਆਸਤ ਚੰਬਾ ਦੋਹਾਂ ਹਲਕਿਆਂ ਵਿੱਚ ਹੋਣ ਕਰਕੇ ਦੋਹੀਂ ਪਾਸੀਂ ਗਿਣੀਜਾਂਦੀ ਹੈ. ਇਨ੍ਹਾਂ ਵਿੱਚੋਂ ਬਹੁਤ ਰਿਆਸਤਾਂ ਜੰਮੂ ਦੇ ਇਲਾਕੇ ਵਿੱਚ ਮਿਲ ਗਈਆਂ ਹਨ ਅਰ ਬਹੁਤਿਆਂ ਦੇ ਇਲਾਕੇ ਸਿੱਖਰਾਜ ਸਮੇਂ ਖਾਲਸਾ ਨਾਲ ਸ਼ਾਮਿਲ ਹੋਗਏ ਹਨ. ਕਿਤਨੀਆਂ ਰਿਆਸਤਾਂ ਦੇ ਵੰਸ਼ ਹੁਣ ਗਰੀਬੀ ਦਸ਼ਾ ਵਿੱਚ ਦੇਖੇਜਾਂਦੇ ਹਨ, ਅਰ ਬਹੁਤ ਰਿਆਸਤਾਂ ਦੇ ਨਾਮ ਬਦਲੇ ਗਏ ਹਨ. ਸੰਖ੍ਯਾ ਇਉਂ ਹੈ-#ਹਲਕਾ ਜਲੰਧਰ-#ਚੰਬਾ, ਨੂਰਪੁਰ, ਗੁਲੇਰ, ਦਤਾਰਪੁਰ, ਸੀਬਾ, ਜਸਵਾਨ, ਕਾਂਗੜਾ, ਕੋਟਲੇਹਰ, ਮੰਡੀ, ਸੁਕੇਤ ਅਤੇ ਕੁੱਲੂ.#ਹਲਕਾ ਡੂਗਰ-#ਚੰਬਾ, ਬਸੋਹਲੀ, ਭੱਡੂ, ਮਾਨਕੋਟ, ਬੇਂਹਦ੍ਰਾਲਟਾ, ਜਸਰੋਟਾ, ਸਾਂਬਾ, ਜੰਮੂ, ਚਨੇਨੀ, ਕਸ੍ਟਵਾਰ ਅਤੇ ਭਦ੍ਰਵਾਹ.#ਆਨੰਦਪੁਰ ਵਿੱਚ ਦਸ਼ਮੇਸ਼ ਦੇ ਵਿਰਾਜਣ ਦਾ ਸਮਾਂ ਸਨ ੧੬੭੪ ਤੋਂ ੧੭੦੩ (ਸੰਮਤ ੧੭੩੨- ੬੧) ਤੀਕ ਹੈ. ਦਸ਼ਮੇਸ਼ ਵੇਲੇ ਚੰਬੇ ਦੇ ਰਾਜੇ ਚਤੁਰਸਿੰਘ ਅਤੇ ਉਦੇਸਿੰਘ ਸਨ. ਚਤੁਰਸਿੰਘ ਦਾ ਦੇਹਾਂਤ ਸਨ ੧੬੯੦ ਵਿੱਚ ਹੋਇਆ ਹੈ. ਉਸੇ ਸਾਲ ਉਦੇਸਿੰਘ ਗੱਦੀ ਤੇ ਬੈਠਾ. ਉਦੇਸਿੰਘ ਸਨ ੧੭੨੦ ਵਿੱਚ ਮੋਇਆ.#ਗੁਲੇਰ ਦੇ ਰਾਜੇ ਰਾਜਸਿੰਘ ਅਤੇ ਦਿਲੀਪਸਿੰਘ ਸਨ. ਰਾਜਸਿੰਘ ਦਾ ਦੇਹਾਂਤ ਸਨ ੧੬੯੧ ਵਿੱਚ ਹੋਇਆ, ਇਸ ਪਿੱਛੋਂ ਇਸ ਦਾ ਬੇਟਾ ਦਿਲੀਪਸਿੰਘ ਗੰਦੀ ਪੁਰ ਬੈਠਾ.#ਕੁੱਲੂ ਦਾ ਰਾਜਾ ਬਿਧੀਸਿੰਘ ਸਨ ੧੬੬੩ ਤੋਂ ੧੬੭੪ ਤੀਕ ਰਿਹਾ ਹੈ.#ਰਾਜਾ ਭੀਮਚੰਦ ਕਹਲੂਰੀਆ, ਰਾਜਾ ਕ੍ਰਿਪਾਲਚੰਦ ਕਟੋਚੀਆ, ਰਾਜਾ ਕੇਸਰੀਚੰਦ ਜਸਵਾਲੀਆ, ਰਾਜਾ ਸੁਖਦਿਆਲ ਜਸਰੋਟੀਆ, ਰਾਜਾ ਹਰੀਚੰਦ ਹਿੰਡੂਰੀਆ, ਰਾਜਾ ਪ੍ਰਿਥੀਚੰਦ ਡਢਵਾਲੀਆ, ਰਾਜਾ ਫਤੇਸ਼ਾਹ ਸ੍ਰੀ ਨਗਰੀਆ, ਇਹ ਪਹਾੜੀ ਰਾਜੇ ਸਨ, ਜਿਨ੍ਹਾਂ ਨਾਲ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਕਈ ਯੁੱਧ ਹੋਏ.
Source: Mahankosh