ਬਾਜੀਦਪੁਰ
baajeethapura/bājīdhapura

Definition

ਜਿਲਾ ਥਾਣਾ ਫਿਰੋਜਪੁਰ ਦਾ ਇੱਕ ਪਿੰਡ, ਜੋ ਫਿਰੋਜਪੁਰ ਛਾਉਣੀ ਤੋਂ ੪. ਮੀਲ ਮੋਗੇ ਵਾਲੀ ਪੱਕੀ ਸੜਕ ਤੇ ਹੈ. ਰੇਲਵੇ ਸਟੇਸ਼ਨ, ਫਿਰੋਜਪੁਰ ਲੁਦਿਆਨਾ ਸ਼ਾਖ਼ ਦਾ ਸੈਯਦਵਾਲ ਹੈ. ਇੱਥੇ ਕਲਗੀਧਰ ਨੇ ਚਰਨ ਪਾਏ ਹਨ. ਇੱਕ ਤਿੱਤਰ ਨੂੰ, ਜਿਸ ਨੇ ਪੂਰਵਜਨਮ ਸਤਿਗੁਰੂ ਨੂੰ ਜਾਮਨ ਦੇਕੇ ਕਰਜ ਲਿਆ ਸੀ, ਮੁਕਤ ਕੀਤਾ. ਇਸੇ ਤੋਂ ਇਸ ਥਾਂ ਦਾ ਨਾਮ "ਤਿੱਤਰਸਰ" ਹੋ ਗਿਆ ਹੈ.#ਸਭ ਤੋਂ ਪਹਿਲਾਂ ਸਰਦਾਰ ਬਿਸਨਸਿੰਘ ਆਹਲੂਵਾਲੀਏ ਨੇ (ਜੋ ਮਹਾਰਾਜਾ ਰਣਜੀਤ ਸਿੰਘ ਦਾ ਅਹਿਲਕਾਰ ਸੀ) ਇੱਥੇ ਮੰਜੀ ਸਾਹਿਬ ਦੀ ਰਚਨਾ ਕੀਤੀ. ਰਾਜਾ ਪਹਾੜਸਿੰਘ ਫਰੀਦਕੋਟ ਪਤਿ ਨੇ ੫੧ ਰੁਪਯੇ ਸਾਲ ਦੀ ਰਸਦ ਮੁਕੱਰਰ ਕੀਤੀ. ਫੇਰ ਰਾਜਾ ਬਲਬੀਰ ਸਿੰਘ ਜੀ ਦੀ ਰਾਣੀ ਮਾਈ ਹਰਦਿੱਤ ਕੌਰ ਨੇ ਇਮਾਰਤ ਦੀ ਕੁਝ ਸੇਵਾ ਕਰਵਾਈ. ਮਹਾਰਾਜਾ ਬ੍ਰਿਜੇਂਦਰਸਿੰਘ ਦੀ ਮਾਈ ਨਰੇਂਦ੍ਰਕੌਰ ਨੇ ਸੰਮਤ ੧੯੭੯- ੮੦ ਵਿੱਚ ਤੇਰਾਂ ਹਜਾਰ ਰੁਪਯਾ ਖਰਚਕੇ ਸੁੰਦਰ ਮੰਦਿਰ ਬਣਵਾਇਆ ਅਤੇ ਲੰਗਰ ਦੇ ਬਰਤਨ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਸਿੰਗਾਰ ਦਾ ਸਾਮਾਨ ਅਰਪਿਆ. ਸੰਮਤ ੧੯੮੫ ਵਿੱਚ ਮਾਈ ਮਹਿੰਦ੍ਰਕੌਰ (ਰਾਜਾ ਹਰਇੰਦ੍ਰਸਿੰਘ ਜੀ ਦੀ ਮਾਤਾ) ਨੇ ਪੱਕਾ ਤਾਲ ਬਣਵਾਇਆ ਹੈ. ਰਿਆਸਤ ਫਰੀਦਕੋਟ ਵੱਲੋਂ ਗੁਰਦ੍ਵਾਰੇ ਦੇ ਨਾਮ ਰਸਤਾਂ ਭੀ ਹਨ.
Source: Mahankosh