ਬਾਣਗੜ੍ਹ
baanagarhha/bānagarhha

Definition

ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦੋ ਪਿੰਡ ਜੈਤੋਵਾਲ ਦੇ ਰਕਬੇ ਵਿੱਚ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਜੋ ਆਨੰਦਪੁਰ ਤੋਂ ਤਿੰਨ ਕੋਹ ਸਤਲੁਜ ਦੇ ਉਰਾਰ ਹੈ. ਜਿਸ ਵੇਲੇ ਪਹਾੜੀ ਰਾਜੇ ਅਤੇ ਸ਼ਾਹੀ ਸੈਨਾ ਦਸ਼ਮੇਸ਼ ਨਾਲ ਲੜ ਰਹੀ ਸੀ, ਤਦ ਇੱਕ ਦਿਨ ਸਰਦਾਰ ਇਕੱਠੇ ਹੋਕੇ ਇੱਥੇ ਸ਼ਤਰੰਜ ਖੇਡ ਰਹੇ ਸਨ ਕਿ ਅਚਾਨਕ ਗੁਰੂ ਜੀ ਦਾ ਤੀਰ ਉਨ੍ਹਾਂ ਪਾਸ ਆ ਲੱਗਾ. ਇਸ ਪੁਰ ਉਹ ਵਡੇ ਹੈਰਾਨ ਹੋਏ ਕਿ ਏਹੋ ਜੇਹਾ ਕੇਹੜਾ ਧਨੁਖਧਾਰੀ ਹੈ ਜੋ ਇਤਨੀ ਦੂਰ ਤੀਰ ਮਾਰ ਸਕੇ. ਇਹ ਤਾਂ ਕੋਈ ਜਾਦੂਗਰ ਹੈ. ਇਤਨੇ ਵਿੱਚ ਗੁਰੂ ਜੀ ਨੇ ਦੂਜਾ ਤੀਰ ਛੱਡਿਆ ਅਤੇ ਨਾਲ ਪਤ੍ਰਿਕਾ ਲਿਖ ਘੱਲੀ ਕਿ ਜਾਦੂ ਕੋਈ ਨਹੀਂ, ਇਹ ਧਨੁਖਵਿਦ੍ਯਾ ਦੀ ਸਾਧਨਾ ਹੈ.#ਉਸ ਸਮੇਂ ਦੀ ਯਾਦਗਾਰ ਵਿੱਚ ਇਹ ਗੁਰਦ੍ਵਾਰਾ ਹੈ. ਪਹਿਲਾਂ ਸਾਧਾਰਣ ਮੰਜੀਸਾਹਿਬ ਸੀ, ਹੁਣ ਮੌਜੂਦਾ ਪੁਜਾਰੀ ਸੰਤ ਖਜਾਨਦਾਸ ਉਦਾਸੀ ਨੇ ਸੁੰਦਰ ਪੱਕਾ ਬਣਵਾਇਆ ਹੈ. ਗੁਰਦ੍ਵਾਰੇ ਨਾਲ ਕੇਵਲ ੧੪. ਕਨਾਲ ਜ਼ਮੀਨ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੨੯ ਮੀਲ ਪੂਰਵ ਹੈ.
Source: Mahankosh