Definition
ਫ਼ਾ. [بادفرنگ] ਸੰ. उपदेश. ਉਪਦੇਸ਼. [آتشک] ਆਤਸ਼ਕ. Syphilis. ਭਾਵਪ੍ਰਕਾਸ਼ ਦੇ ਲੇਖ ਤੋਂ ਪਾਇਆ ਜਾਂਦਾ ਹੈ, ਕਿ ਇਹ ਰੋਗ ਫਿਰੰਗ (ਯੂਰਪ) ਦੇਸ਼ ਤੋਂ ਆਇਆ ਹੈ. ਇਸ ਲਈ ਪੁਰਾਣੇ ਰ੍ਗ੍ਰਥ ਚਰਕ ਸ਼ੁਸ੍ਰਤ ਆਦਿਕ ਵਿੱਚ ਇਸ ਦਾ ਜ਼ਿਕਰ ਨਹੀਂ ਹੈ. ਬਾਦਫਿਰੰਗ ਸਪਰਸ਼ਰੋਗ ਹੈ. ਅਰਥਾਤ ਛੂਤ ਤੋਂ ਹੁੰਦਾ ਹੈ. ਜਿਨ੍ਹਾਂ ਦੇਸ਼ਾਂ ਵਿੱਚ ਵਿਭਚਾਰ ਬਹੁਤ ਹੈ. ਉੱਥੇ ਇਹ ਬਹੁਤ ਹੋਇਆ ਕਰਦਾ ਹੈ. ਇਹ ਰੋਗ ਅਨੇਕ ਰੋਗਾਂ ਦਾ ਪਿਤਾ ਕਹਿਣਾ ਚਾਹੀਏ. ਸੌ ਵਿੱਚੋਂ ਪਚਾਨਵੇ ਕੋੜ੍ਹੇ ਇਸ ਦੀ ਕ੍ਰਿਪਾ ਨਾਲ ਹੁੰਦੇ ਹਨ.#ਬਾਦਫਿਰੰਗ ਦੇ ਕਾਰਣ ਹਨ-#ਇਸ ਰੋਗ ਵਾਲੀ ਇਸਤ੍ਰੀ ਜਾਂ ਪੁਰਖ ਦਾ ਸੰਗ ਕਰਨਾ, ਮਾਤਾਪਿਤਾ ਨੂੰ ਇਹ ਰੋਗ ਹੋਣਾ, ਰੋਗੀ ਦਾ ਵਸਤ੍ਰ ਪਹਿਰਨਾ ਅਥਵਾ ਉਸ ਨਾਲ ਜਾਦਾ ਛੁਹਿਣਾ ਅਰ ਖਾਣਾ ਪੀਣਾ, ਆਦਿਕ. ਆਤਸ਼ਕ ਦੇ ਰੋਗੀ ਤੋਂ ਬਹੁਤ ਬਚਕੇ ਰਹਿਣਾ ਚਾਹੀਏ ਕਈ ਰੋਗੀ ਇਸਤ੍ਰੀ ਪੁਰੁਸ, ਬੱਚਿਆਂ ਦਾ ਪਿਆਰ ਨਾਲ ਮੂੰਹ ਚੁੰਮਕੇ ਉਨ੍ਹਾਂ ਨੂੰ ਰੋਗੀ ਕਰ ਦਿੰਦੇ ਹਨ.#ਬਾਦਫਿਰੰਗ ਦੇ ਲੱਛਣ ਹਨ-#ਜਦ ਇਸ ਰੋਗ ਦਾ ਛੂਤ ਨਾਲ ਅਸਰ ਸ਼ਰੀਰ ਵਿੱਚ ਹੁੰਦਾ ਹੈ. ਤਾਂ ਲਿੰਗ ਦੀ ਸੁਪਾਰੀ ਤੇ ਜਾਂ ਭਗ ਵਿੱਚ ਛੋਟੀਆਂ ਫੁਨਸੀਆਂ ਅਥਵਾ ਦਾਗ ਹੋ ਜਾਂਦੇ ਹਨ ਅਰ ਕੁਝ ਸਮੇਂ ਪਿੱਛੋਂ ਜ਼ਖਮ ਹੋਕੇ ਉਨ੍ਹਾਂ ਵਿੱਚੋਂ ਪੀਲਾ ਪਾਣੀ ਜਾਂ ਪੀਪ ਵਹਿਣ ਲਗ ਪੈਂਦੀ ਹੈ. ਭੁੱਖ ਘੱਟ ਲੱਗਦੀ ਹੈ. ਮੱਠਾ ਤਾਪ ਹੁੰਦਾ ਹੈ, ਜੀ ਮਤਲਾਉਂਦਾ ਹੈ, ਜੋੜਾਂ ਵਿੱਚ ਦਰਦ ਹੁੰਦਾ ਹੈ, ਜੇ ਰੋਗ ਪ੍ਰਬਲ ਹੋ ਜਾਵੇ ਤਾਂ ਕਈ ਅੰਗ ਮਾਰੇ ਜਾਂਦੇ ਹਨ, ਸ਼ਰੀਰ ਤੇ ਚਟਾਕ ਪੈ ਜਾਂਦੇ ਹਨ, ਰੰਗ ਕਾਲਾ ਹੋ ਜਾਂਦਾ ਹੈ, ਮੂੰਹ ਉੱਤੇ ਸੱਪ ਦੀ ਅੱਖ ਜੇਹੇ ਦਾਗ ਹੋ ਜਾਂਦੇ ਹਨ, ਆਤਸ਼ਕ ਦੇ ਰੋਗੀ ਨੂੰ ਜੇ ਮਾਮੂਲੀ ਰੋਗ ਭੀ ਹੋ ਜਾਵੇ ਤਾਂ ਉਹ ਭਿਆਨਕ ਬਣ ਜਾਂਦਾ ਹੈ. ਔਲਾਦਮਾਰ ਹੋ ਜਾਂਦੀ ਹੈ.#ਇਸ ਰੋਗ ਦਾ ਸਿਆਣੇ ਵੈਦ ਹਕੀਮ ਡਾਕਟਰ ਤੋਂ ਤੁਰਤ ਹੀ ਇਲਾਜ ਕਰਾਉਣਾ ਚਾਹੀਏ. ਸ਼ਰਮ ਨਾਲ ਲੁਕੋ ਰੱਖਣ ਤੋਂ ਅਤੇ ਅਨਾੜੀ ਦੀ ਦਵਾ ਵਰਤਣ ਤੋਂ ਭਾਰੀ ਨੁਕਸਾਨ ਹੁੰਦਾ ਹੈ.#ਬਾਦਫਿਰੰਗ ਦੇ ਸਾਧਾਰਣ ਇਲਾਜ ਇਹ ਹਨ- ਉਸ਼ਬਾ, ਚੋਬਚੀਨੀ, ਬ੍ਰਹਮਦੰਡੀ, ਮੁੰਡੀਬੂਟੀ, ਚਰਾਇਤਾ, ਨਿੰਮ ਅਤੇ ਤੁੰਮੇ ਦੀ ਜੜ ਦਾ ਸੇਵਨ ਕਰਨਾ.#ਨਿੰਮ ਦੇ ਪੱਤਿਆਂ ਦਾ ਚੂਰਨ ਅੱਠ ਤੋਲੇ, ਹਰੜ ਦੀ ਛਿੱਲ ਦਾ ਚੂਰਨ ਇੱਕ ਤੋਲਾ, ਆਉਲੇ ਦਾ ਚੂਰਨ ਇੱਕ ਤੋਲਾ, ਹਲਦੀ ਦਾ ਚੂਰਨ ੬. ਮਾਸੇ, ਇਹ ਸਭ ਮਿਲਾਕੇ ੪. ਮਾਸ਼ੇ ਨਿੱਤ ਪਾਣੀ ਨਾਲ ਫੱਕਣਾ.#ਮੁਰਦਾਸੰਗ, ਸੇਲਖੜੀ, ਭੁੰਨਿਆਂ ਹੋਇਆ ਸੁਹਾਗਾ ਇੱਕ ਇੱਕ ਤੋਲਾ, ਤੁੱਥ ਛੀ ਮਾਸ਼ੇ, ਚੰਗੀ ਤਰਾਂ ਧੋਤਾ ਹੋਇਆ ਸਾਫ ਗੋਕਾ ਘੀ ਛੀ ਤੋਲੇ, ਸਖ਼ ਨੂੰ ਮਿਲਾਕੇ ਮਰਹਮ ਬਣਾਕੇ, ਜਖਮਾਂ ਉੱਤੇ ਲਾਉਣੀ.
Source: Mahankosh