Definition
ਸੰ. ਵਰਾਹਮੂਲਾ.¹ ਕਸ਼ਮੀਰ ਦੇ ਇਲਾਕੇ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਭਾਈ ਸੰਤੋਖਸਿੰਘ ਜੀ ਨੇ ਇੱਥੇ ਵਾਮਨ ਅਵਤਾਰ ਦਾ ਹੋਣਾ ਦੱਸਿਆ ਹੈ, ਯਥਾ- - "ਜਹਿ ਬਾਮਨ ਹੋਏ ਅਵਤਾਰ ××× ਬਾਰਾਮੂਲਾ ਪੁਰ ਕੋ ਨਾਮ." (ਗੁਪ੍ਰਸੂ)²ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਦੀ ਯਾਤਰਾ ਸਮੇਂ ਇੱਥੇ ਵਿਰਾਜੇ ਹਨ. ਗੁਰਦ੍ਵਾਰੇ ਦਾ ਨਾਮ "ਕੋਟਿਤੀਰਥ" ਹੈ. ਮਹਾਰਾਜਾ ਰਣਜੀਤ ਸਿੰਘ ਦੀ ਲਾਈ ਚਾਰ ਪਿੰਡਾਂ ਦੀ ਜਾਗੀਰ ਤਿੰਨ ਹਜਾਰ ਰੁਪਯਾ ਹੈ. ਰਿਆਸਤ ਜੰਮੂ ਵੱਲੋਂ ੭੯ ਰੁਪਏ ਸਾਲਨਾ ਹਨ. ਵੈਸਾਖੀ, ਪੋਹ ਸੁਦੀ ੭, ਕੱਤਕ ਦੀ ਪੂਰਨਮਾਸੀ ਨੂੰ ਮੇਲੇ ਹੁੰਦੇ ਹਨ. ਇੱਥੇ ਗੁਰੂਸਾਹਿਬ ਦਾ ਆਪਣੇ ਹੱਥੀਂ ਲਾਇਆ ਚਨਾਰ ਦਾ ਬਿਰਛ ਹੈ. ਪੁਜਾਰੀ ਸਿੰਘ ਹਨ.#ਬਾਰਾਮੂਲੇ ਤੋਂ ਪਾਰਲੇ ਪਾਸੇ ਜਹਾਂਗੀਰ ਦੀ ਪੁਰਾਣੀ ਸਰਾਇ ਪਾਸ ਭੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ "ਥੜਾਸਾਹਿਬ" ਹੈ. ਇੱਥੇ ਸੈਰ ਕਰਨ ਆਏ ਵਿਰਾਜੇ ਹਨ.#ਕਿਠਾਈ ਨਾਮਕ ਜਗਾ ਪੁਰ ਭੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ "ਥੜਾ ਸਾਹਿਬ" ਬੈਰਾਗੀਆਂ ਦੇ ਡੇਰੇ ਪਾਸ ਹੈ.
Source: Mahankosh