Definition
ਸੁਗ੍ਰੀਵ ਦਾ ਵਡਾ ਭਾਈ, ਜੋ ਦੱਖਣੀ ਬਨਚਰਾਂ ਦਾ ਰਾਜਾ ਸੀ. ਸੀਤਾ ਨੂੰ ਖੋਜਣ ਅਤੇ ਮੁੜ ਪ੍ਰਾਪਤ ਕਰਨ ਲਈ ਰਾਮਚੰਦ੍ਰ ਜੀ ਨੇ ਸੁਗ੍ਰੀਵ ਨਾਲ ਮਿਤ੍ਰਤਾ ਗੰਢੀ ਅਰ ਬਾਲੀ ਨੂੰ ਮਾਰਕੇ ਸੁਗ੍ਰੀਵ ਨੂੰ ਰਾਜਗੱਦੀ ਪੁਰ ਬੈਠਾਇਆ. ਜਦ ਰਾਮਚੰਦ੍ਰ ਜੀ ਨੇ ਲੁਕਕੇ ਬਾਲੀ ਦੇ ਤੀਰ ਮਾਰਿਆ, ਤਦ ਮਰਦੇ ਹੋਏ ਬਾਲੀ ਨੇ ਆਖਿਆ ਕਿ- ਹੇ ਨਿੰਦਿਤ ਕਰਮ ਕਰਨ ਵਾਲੇ ਕ੍ਸ਼੍ਤ੍ਰੀ! ਮਰਣਾ, ਜੰਗ ਵਿੱਚ ਹਾਰਣਾ, ਰਾਜ੍ਯ ਦਾ ਨਾਸ਼ ਹੋ ਜਾਣਾ, ਆਦਿਕ ਆਦਿ ਤੋਂ ਹੁੰਦੇ ਚਲੇ ਆਏ ਹਨ, ਪਰ ਜਦ ਤੈਥੋਂ ਲੋਕ ਇਹ ਪ੍ਰਸ਼ਨ ਕਰਨਗੇ ਕਿ ਨਿਰਪਰਾਧ ਬਾਲੀ ਨੂੰ ਲੁਕਕੇ ਤੀਰ ਕਿਉਂ ਮਾਰਿਆ? ਇਸ ਦਾ ਮੁਨਾਸਿਬ ਉੱਤਰ ਹੁਣੇ ਸੋਚ ਰੱਖ, ਦੇਖੋ, ਬਾਲਮੀਕ (ਕਾਂਡ ੪. ਅਃ ੧੭)#ਬਾਲੀ ਅਤੇ ਸੁਗ੍ਰੀਵ ਦੀ ਉਤਪੱਤੀ ਰਾਮਾਯਣ ਵਿੱਚ ਅਣੋਖੀ ਲਿਖੀ ਹੈ ਕਿ ਇੱਕ ਵਾਰ ਬ੍ਰਹਮਾਂ ਦੇ ਨੇਤ੍ਰਾਂ ਤੋਂ ਪ੍ਰੇਮ ਦੇ ਕਾਰਣ ਅੰਝੂ ਵਗੇ, ਉਨ੍ਹਾਂ ਤੋਂ ਇੱਕ ਬਾਂਦਰ "ਰਜਾ" ਨਾਮਕ ਪੈਦਾ ਹੋਇਆ. ਰਜਾ ਇੱਕ ਵਾਰ ਸੁਮੇਰੁ ਪਰਬਤ ਪੁਰ ਇੱਕ ਜਲਭਰੇ ਤਾਲ ਵਿੱਚ ਸਨਾਨ ਕਰਨ ਨਾਲ ਸੁੰਦਰ ਇਸਤ੍ਰੀ ਹੋ ਗਿਆ, ਜਿਸ ਨੂੰ ਦੇਖ ਕੇ ਇੰਦ੍ਰ ਦਾ ਵੀਰ੍ਯ ਪਾਤ ਹੋਇਆ, ਅਰ ਉਹ ਵੀਰਯ ਉਸ ਇਸਤ੍ਰੀ ਨੇ ਬਾਲਾਂ (ਕੇਸ਼ਾਂ) ਵਿੱਚ ਧਾਰਕੇ ਬਾਲੀ ਜਣਿਆ. ਫੇਰ ਸੂਰਜ ਦਾ ਵੀਰਯ ਜੋ ਪਾਤ ਹੋਇਆ ਉਸ ਨੂੰ ਗ੍ਰੀਵਾ (ਗਰਦਨ) ਤੇ ਧਾਰਕੇ ਸੁਗ੍ਰੀਵ ਉਤਪੰਨ ਕੀਤਾ, ਜਦ ਰਾਜਾ ਦੋਹਾਂ ਬਾਲਕਾਂ ਨੂੰ ਲੈਕੇ ਬ੍ਰਹਮਾ ਪਾਸ ਗਿਆ, ਤਦ ਉਸ ਨੇ ਕਿਸਕੰਧਾ ਪੁਰੀ ਵਿੱਚ ਰਾਜਾ ਨੂੰ ਸਾਰੇ ਬਾਂਦਰ ਰਿੱਛਾਂ ਦਾ ਸ੍ਵਾਮੀ ਥਾਪਕੇ ਰਾਜਤਿਲਕ ਦਿੱਤਾ. ਬਾਲੀ ਦੀ ਇਸਤ੍ਰੀ ਸੁਖੇਣ ਦੀ ਪੁਤ੍ਰੀ ਤਾਰਾ, ਅਤੇ ਸੁਗ੍ਰੀਵ ਦੀ ਇਸਤ੍ਰੀ ਰੁਮਾ ਸੀ. "ਅਪਨਾਇ ਸੁਗ੍ਰੀਵਹਿ ਚਲੇ ਕਪਿਰਾਜ ਬਾਲਿ ਸੰਘਾਰਕੈ." (ਰਾਮਾਵ) ੨. ਬਾਲਪਨ ਵਿੱਚ। ੨. ਬਾਲ੍ਯ. ਬਾਲਕਪੁਣਾ ਅਤੇ ਬਾਲਅਵਸਥਾ. "ਬਾਲਿ ਬਿਨੋਦ ਚਿੰਦਰਸ ਲਾਗਾ" (ਸ੍ਰੀ ਬੇਣੀ) ੪. ਬਾਲਣਾ ਕ੍ਰਿਯਾ ਦਾ ਅਮਰ. "ਬਾਲਣੁ ਹਡ ਨ ਬਾਲਿ." (ਸ. ਫਰੀਦ)
Source: Mahankosh