ਬਾਵਲੀ ਸਾਹਿਬ
baavalee saahiba/bāvalī sāhiba

Definition

ਉਹ ਵਾਪਿਕਾ (ਬਾਉਲੀ), ਜੋ ਕਿਸੇ ਗੁਰੂ ਸਾਹਿਬ ਨੇ ਬਣਵਾਈ। ੨. ਗੋਇੰਦਵਾਲ ਵਿੱਚ ਗੁਰੂ ਅਮਰਦੇਵ ਦੀ ਸੰਮਤ ੧੬੧੬ ਵਿੱਚ ਬਣਵਾਈ ਹੋਈ ਬਾਵਲੀ, ਜਿਸ ਦੀਆਂ ੮੪ ਪੌੜੀਆਂ ਹਨ. ਬਹੁਤ ਪ੍ਰੇਮੀ ਇਸ ਦੀ ਹਰੇਕ ਪੌੜੀ ਪੁਰ ਸਨਾਨ ਕਰਕੇ ੮੪ ਪਾਠ ਜਪੁ ਸਾਹਿਬ ਦੇ ਕਰਨੇ ਮਹਾ ਪੁੰਨ ਕਰਮ ਸਮਝਦੇ ਹਨ. ਦੇਖੋ, ਗੋਇੰਦਵਾਲ। ੩. ਡੱਬੀ ਬਾਜ਼ਾਰ ਲਾਹੌਰ ਵਿੱਚ ਗੁਰੂ ਅਰਜਨਦੇਵ ਦੀ ਬਣਵਾਈ ਵਾਪਿਕਾ, ਜੋ ਸ਼ਾਹਜਹਾਂ ਦੇ ਹੁਕਮ ਨਾਲ ਸੰਮਤ ੧੬੮੫ ਵਿੱਚ ਅਟਵਾਈ ਗਈ ਸੀ ਅਤੇ ਲੰਗਰ ਦੀ ਥਾਂ ਮਸੀਤ ਬਣਵਾਈ ਗਈ ਸੀ.#ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੯੧ ਵਿੱਚ ਇੱਕ ਫੁਲੇਰੇ ਦੇ ਪਤਾ ਦੇਣ ਪੁਰ ਇਹ ਬਾਵਲੀ ਪ੍ਰਗਟ ਕੀਤੀ, ਅਰ ਮਸੀਤ ਢਾਹਕੇ ਗੁਰਦ੍ਵਾਰੇ ਦੀ ਪਹਿਲੇ ਜੇਹੀ ਸ਼ਕਲ ਕਰ ਦਿੱਤੀ. ਦੇਖੋ, ਲਾਹੌਰ।#੪. ਡੱਲਾ ਪਿੰਡ (ਰਿਆਸਤ ਕਪੂਰਥਲਾ) ਵਿੱਚ ਗੁਰੂ ਅਰਜਨਦੇਵ ਜੀ ਦੀ ਲਗਵਾਈ ਬਾਵਲੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਆਹ ਦੀ ਯਾਦਗਾਰ ਲਈ ਗੁਰੂ ਸਾਹਿਬ ਨੇ ਬਣਵਾਈ ਸੀ. ਦੇਖੋ, ਡੱਲਾ।#੫. ਅਨੰਦਪੁਰ ਤੋਂ, ਸੱਤ ਕੋਹ ਉੱਤਰ ਗੁਰੂ ਕੇ ਲਹੌਰ ਦਸ਼ਮੇਸ਼ ਦੀਆਂ ਦੋ ਬਾਵਲੀਆਂ, ਇੱਕ "ਕਰਪਾ" ਦੂਜੀ "ਕਟੋਰਾ" ਨਾਮ ਤੋਂ, ਪ੍ਰਸਿੱਧ ਹਨ. ਇਤਿਹਾਸ ਅਨੁਸਾਰ ਇਨ੍ਹਾਂ ਵਿੱਚੋਂ ਪਹਿਲੀ ਦਾ ਜਲ ਬਰਛੇ ਦੇ ਪ੍ਰਹਾਰ ਤੋਂ ਨਿਕਲਿਆ ਹੈ, ਦੂਜੀ ਦਾ ਘੋੜੇ ਦੇ ਸੁੰਮ ਮਾਰਨ ਤੋਂ। ੬. ਦੇਖੋ, ਢਕੌਲੀ। ੭. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਪਿੰਡ ਖਹਰਾ ਹੈ, ਇਸ ਤੋਂ ਉੱਤਰ ਵੱਲ ਇੱਕ ਫਰਲਾਂਗ ਦੇ ਕਰੀਬ ਸਤਿਗੁਰੂ ਹਰਿਗੋਬਿੰਦ ਸਾਹਿਬ ਜਾ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੁਜੰਗ ਤੋਂ ਅਮ੍ਰਿਤਸਰ ਜਾਂਦੇ ਇੱਥੇ ਵਿਰਾਜੇ ਸਨ. ਉਸ ਸਮੇਂ ਛੋਟਾ ਜਿਹਾ ਛੱਪੜ ਸੀ, ਪਿੱਛੋਂ ਸੰਗਤ ਨੇ ਬਾਵਲੀ ਬਣਾ ਦਿੱਤੀ.#ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਹੈ, ਕੋਈ ਪੱਕਾ ਪੁਜਾਰੀ ਨਹੀਂ. ੧੦. ਵਿੱਘੇ ਦੇ ਕਰੀਬ ਜ਼ਮੀਨ ਹੈ. ਸਰਾਧਾਂ ਦੀ ਦਸਵੀਂ ਨੂੰ ਮੇਲਾ ਹੁੰਦਾਹੈ. ਰੇਲਵੇ ਸਟੇਸ਼ਨ "ਗੁਰੂਸਰ ਸਤਲਾਣੀ" ਤੋਂ ਇਹ ਤਿੰਨ ਮੀਲ ਦੇ ਕ਼ਰੀਬ ਦੱਖਣ ਹੈ.
Source: Mahankosh